ਕੋਲਕਾਤਾ ਵਿੱਚ ਲਿਓਨਲ ਮੈਸੀ ਦੀ 70 ਫੁੱਟ ਉੱਚੀ ਮੂਰਤੀ ਦਾ ਵਰਚੂਅਲ ਉਦਘਾਟਨ, ਸ਼ਾਹਰੁਖ ਖਾਨ ਸਮੇਤ ਕਈ ਵਿਸ਼ੇਸ਼ ਮਹਿਮਾਨ ਰਹੇ ਹਾਜ਼ਰ

ਕੋਲਕਾਤਾ ਵਿੱਚ ਫੁੱਟਬਾਲ ਪ੍ਰੇਮੀਆਂ ਲਈ ਇੱਕ ਇਤਿਹਾਸਕ ਪਲ ਉਸ ਵੇਲੇ ਸਾਹਮਣੇ ਆਇਆ, ਜਦੋਂ ਅਰਜਨਟੀਨਾ ਦੇ ਫੁੱਟਬਾਲ ਮਹਾਨਾਇਕ ਲਿਓਨਲ ਮੈਸੀ ਨੇ ਲੇਕ ਟਾਊਨ ਸਥਿਤ ਸ੍ਰੀ ਭੂਮੀ ਸਪੋਰਟਿੰਗ ਕਲੱਬ ਵਿੱਚ ਆਪਣੀ 70 ਫੁੱਟ ਉੱਚੀ ਮੂਰਤੀ ਦਾ ਵਰਚੂਅਲ ਉਦਘਾਟਨ ਕੀਤਾ

ਕੋਲਕਾਤਾ ਵਿੱਚ ਫੁੱਟਬਾਲ ਪ੍ਰੇਮੀਆਂ ਲਈ ਇੱਕ ਇਤਿਹਾਸਕ ਪਲ ਉਸ ਵੇਲੇ ਸਾਹਮਣੇ ਆਇਆ, ਜਦੋਂ ਅਰਜਨਟੀਨਾ ਦੇ ਫੁੱਟਬਾਲ ਮਹਾਨਾਇਕ ਲਿਓਨਲ ਮੈਸੀ ਨੇ ਲੇਕ ਟਾਊਨ ਸਥਿਤ ਸ੍ਰੀ ਭੂਮੀ ਸਪੋਰਟਿੰਗ ਕਲੱਬ ਵਿੱਚ ਆਪਣੀ 70 ਫੁੱਟ ਉੱਚੀ ਮੂਰਤੀ ਦਾ ਵਰਚੂਅਲ ਉਦਘਾਟਨ ਕੀਤਾ। ਇਹ ਸਮਾਗਮ ਮੈਸੀ ਦੇ ‘GOAT ਟੂਰ ਇੰਡੀਆ 2025’ ਦਾ ਹਿੱਸਾ ਸੀ।

ਇਸ ਮੌਕੇ ਟੀਐਮਸੀ ਵਿਧਾਇਕ ਅਤੇ ਸ੍ਰੀ ਭੂਮੀ ਸਪੋਰਟਿੰਗ ਕਲੱਬ ਦੇ ਪ੍ਰਧਾਨ ਸੁਜੀਤ ਬੋਸ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਵੀ ਮੌਜੂਦ ਰਹੇ। ਵਰਚੂਅਲ ਉਦਘਾਟਨ ਨੂੰ ਦੇਖਣ ਲਈ ਲੇਕ ਟਾਊਨ ਇਲਾਕੇ ਵਿੱਚ ਪ੍ਰਸ਼ੰਸਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ।

ਸ੍ਰੀ ਭੂਮੀ ਸਪੋਰਟਿੰਗ ਕਲੱਬ ਵੱਲੋਂ ਤਿਆਰ ਕੀਤੀ ਗਈ ਇਹ ਵਿਸ਼ਾਲ ਲੋਹੇ ਦੀ ਮੂਰਤੀ ਦੱਖਣੀ ਦਮ ਦਮ, ਕੋਲਕਾਤਾ ਵਿੱਚ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਲਿਓਨਲ ਮੈਸੀ ਨੂੰ ਫੀਫਾ ਵਿਸ਼ਵ ਕੱਪ ਟਰਾਫੀ ਫੜੇ ਹੋਏ ਦਰਸਾਇਆ ਗਿਆ ਹੈ। ਸੁਜੀਤ ਬੋਸ ਨੇ ਦੱਸਿਆ ਕਿ ਇਹ ਮੂਰਤੀ ਸਿਰਫ 40 ਦਿਨਾਂ ਵਿੱਚ ਤਿਆਰ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਅਨੁਸਾਰ, ਦੁਨੀਆ ਭਰ ਵਿੱਚ ਮੈਸੀ ਦੀ ਇਹ ਸਭ ਤੋਂ ਵੱਡੀ ਮੂਰਤੀ ਹੈ।

ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮੂਰਤੀ ਬਣਾਉਣ ਤੋਂ ਪਹਿਲਾਂ ਲਿਓਨਲ ਮੈਸੀ ਅਤੇ ਉਨ੍ਹਾਂ ਦੀ ਟੀਮ ਤੋਂ ਪੂਰੀ ਮਨਜ਼ੂਰੀ ਲਈ ਗਈ ਸੀ ਅਤੇ ਮੈਸੀ ਇਸ ਪ੍ਰਯਾਸ ਤੋਂ ਬਹੁਤ ਖੁਸ਼ ਹਨ।

ਜ਼ਿਕਰਯੋਗ ਹੈ ਕਿ ਲਿਓਨਲ ਮੈਸੀ 2011 ਤੋਂ ਬਾਅਦ ਪਹਿਲੀ ਵਾਰ ਭਾਰਤ ਆਏ ਹਨ। ਆਪਣੀ ਪਿਛਲੀ ਭਾਰਤ ਫੇਰੀ ਦੌਰਾਨ ਉਨ੍ਹਾਂ ਨੇ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਅਰਜਨਟੀਨਾ ਵੱਲੋਂ ਵੈਨੇਜ਼ੁਏਲਾ ਖ਼ਿਲਾਫ਼ ਦੋਸਤਾਨਾ ਮੈਚ ਖੇਡਿਆ ਸੀ, ਜਿਸ ਵਿੱਚ ਅਰਜਨਟੀਨਾ ਨੇ 1-0 ਨਾਲ ਜਿੱਤ ਦਰਜ ਕੀਤੀ ਸੀ। 14 ਸਾਲਾਂ ਬਾਅਦ ਮੈਸੀ ਦੀ ਕੋਲਕਾਤਾ ਵਾਪਸੀ ਨੇ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ।