PoK 'ਚ ਪਾਕਿਸਤਾਨ ਸਰਕਾਰ ਖ਼ਿਲਾਫ਼ ਹਿੰਸਾ, 11 ਲੋਕਾਂ ਦੀ ਮੌਤ, 70 ਤੋਂ ਵੱਧ ਜ਼ਖ਼ਮੀ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਹੈ। ਸਥਾਨਕ ਸੰਗਠਨ 'ਜੁਆਇੰਟ ਅਵਾਮੀ ਐਕਸ਼ਨ ਕਮੇਟੀ' (JAAC) 'ਤੇ ਪਾਕਿਸਤਾਨ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 70 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਰਾਵਲਾਕੋਟ (PoK) : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਹੈ। ਸਥਾਨਕ ਸੰਗਠਨ 'ਜੁਆਇੰਟ ਅਵਾਮੀ ਐਕਸ਼ਨ ਕਮੇਟੀ' (JAAC) 'ਤੇ ਪਾਕਿਸਤਾਨ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 70 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਰਿਪੋਰਟਾਂ ਅਨੁਸਾਰ, ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਰਾਵਲਾਕੋਟ ਵਿੱਚ JAAC ਦੇ ਸਮਰਥਕ ਇੱਕ ਹਸਪਤਾਲ ਦੀ ਮੋਰਚਰੀ ਦੇ ਬਾਹਰ ਇਕੱਠੇ ਹੋਏ ਸਨ। ਪੁਲਸ ਤੇ ਅਰਧ ਸੈਨਿਕ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਦੌਰਾਨ ਝੜਪਾਂ ਹੋ ਗਈਆਂ। ਇਸ ਹਿੰਸਾ 'ਚ ਚਾਰ ਪੁਲਸ ਕਰਮਚਾਰੀ, ਇੱਕ ਰਾਹਗੀਰ ਅਤੇ ਛੇ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਵੱਧ ਹੋ ਸਕਦੀ ਹੈ।

ਪ੍ਰਦਰਸ਼ਨਕਾਰੀਆਂ ਦਾ ਮੁੱਖ ਗੁੱਸਾ PoK ਵਿਧਾਨ ਸਭਾ ਦੀਆਂ 12 ਸੀਟਾਂ ਰਾਖਵੀਆਂ ਰੱਖਣ ਦੇ ਫੈਸਲੇ ਵਿਰੁੱਧ ਹੈ। ਇਹ ਸੀਟਾਂ ਉਨ੍ਹਾਂ ਸ਼ਰਨਾਰਥੀਆਂ ਲਈ ਹਨ ਜੋ ਕਸ਼ਮੀਰ ਤੋਂ ਬਾਹਰ ਪਾਕਿਸਤਾਨ ਦੇ ਦੂਜੇ ਹਿੱਸਿਆਂ ਵਿੱਚ ਰਹਿੰਦੇ ਹਨ। JAAC ਦਾ ਮੰਨਣਾ ਹੈ ਕਿ ਇਸ ਨਾਲ ਸਥਾਨਕ ਲੋਕਾਂ ਦੀ ਰਾਜਨੀਤਿਕ ਨੁਮਾਇੰਦਗੀ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ, ਲੋਕ ਲਗਾਤਾਰ ਵੱਧ ਰਹੀ ਮਹਿੰਗਾਈ, ਬਿਜਲੀ ਦੀ ਕਿੱਲਤ, ਬੇਰੁਜ਼ਗਾਰੀ ਅਤੇ ਖਰਾਬ ਪ੍ਰਸ਼ਾਸਨ ਦੇ ਖ਼ਿਲਾਫ਼ ਵੀ ਸੜਕਾਂ 'ਤੇ ਹਨ।

JAAC ਨੇ 9 ਜੂਨ ਨੂੰ ਪੂਰੇ ਖੇਤਰ ਵਿੱਚ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈ। ਆਉਣ ਵਾਲੀਆਂ 27 ਜੁਲਾਈ ਦੀਆਂ ਚੋਣਾਂ ਦੇ ਮੱਦੇਨਜ਼ਰ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕਈ ਥਾਵਾਂ 'ਤੇ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਜਨਤਕ ਇਕੱਠਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ (HRCP) ਨੇ ਇਸ ਹਿੰਸਾ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਭੇਜਣ ਦਾ ਐਲਾਨ ਕੀਤਾ ਹੈ।