ਵਰਦਾਨ ਹਸਪਤਾਲ ਫਾਇਰਿੰਗ ਮਾਮਲੇ 'ਚ ਮੁੱਖ ਮੁਲਜ਼ਮ ਕਾਬੂ, ਲੱਤ 'ਚ ਲੱਗੀ ਗੋਲੀ

ਜਲੰਧਰ ਪੁਲਸ ਨੇ ਸ਼ਹਿਰ ਦੇ ਵਰਦਾਨ ਹਸਪਤਾਲ 'ਤੇ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਇੱਕ ਸਵੇਰ ਵੇਲੇ ਹੋਈ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਜਲੰਧਰ : ਜਲੰਧਰ ਪੁਲਸ ਨੇ ਸ਼ਹਿਰ ਦੇ ਵਰਦਾਨ ਹਸਪਤਾਲ 'ਤੇ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਇੱਕ ਸਵੇਰ ਵੇਲੇ ਹੋਈ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ। ਪੁਲਸ ਅਨੁਸਾਰ ਫੜਿਆ ਗਿਆ ਮੁਲਜ਼ਮ ਲੱਕੀ ਪਟਿਆਲ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਉਸ ਕੋਲੋਂ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਘਟਨਾ ਸਥਾਨ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ 28 ਫਰਵਰੀ ਦੀ ਰਾਤ ਨੂੰ ਮੋਤਾ ਸਿੰਘ ਨਗਰ ਸਥਿਤ ਵਰਦਾਨ ਹਸਪਤਾਲ 'ਤੇ ਫਾਇਰਿੰਗ ਦੀ ਵਾਰਦਾਤ ਵਾਪਰੀ ਸੀ। ਸੀਸੀਟੀਵੀ (CCTV) ਫੁਟੇਜ ਵਿਚ ਦੇਖਿਆ ਗਿਆ ਸੀ ਕਿ ਹੈਲਮੇਟ ਪਹਿਨੇ ਇੱਕ ਬਦਮਾਸ਼ ਨੇ ਮਹਿਜ਼ 3 ਸੈਕੰਡਾਂ ਵਿੱਚ 4 ਗੋਲੀਆਂ ਚਲਾਈਆਂ ਸਨ, ਜੋ ਹਸਪਤਾਲ ਦੇ ਮੁੱਖ ਗੇਟ ਨੂੰ ਚੀਰਦੀਆਂ ਹੋਈਆਂ ਆਰ-ਪਾਰ ਨਿਕਲ ਗਈਆਂ ਸਨ। ਰਾਤ ਕਰੀਬ ਸਾਢੇ 9 ਵਜੇ ਹੋਈ ਇਸ ਘਟਨਾ ਦੌਰਾਨ ਹਸਪਤਾਲ ਦਾ ਸਟਾਫ ਮੌਜੂਦ ਸੀ, ਜੋ ਗੋਲੀਆਂ ਦੀ ਆਵਾਜ਼ ਸੁਣ ਕੇ ਬੁਰੀ ਤਰ੍ਹਾਂ ਦਹਿਸ਼ਤ ਵਿਚ ਆ ਗਿਆ ਸੀ।

ਲਾਪਰਵਾਹੀ ਦੇ ਦੋਸ਼ ਹੇਠ ACP ਤੇ SHO ਹੋਏ ਸਨ ਮੁਅੱਤਲ
ਇਸ ਵਾਰਦਾਤ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਿਚ ਵੱਡੀ ਹਲਚਲ ਹੋਈ ਸੀ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪੁਲਸ ਦੀ ਲਾਪਰਵਾਹੀ ਮੰਨਦੇ ਹੋਏ ਏ.ਸੀ.ਪੀ. (ACP) ਮਾਡਲ ਟਾਊਨ ਪਰਮਿੰਦਰ ਸਿੰਘ ਅਤੇ ਮਾਡਲ ਟਾਊਨ ਥਾਣੇ ਦੇ ਐੱਸ.ਐੱਚ.ਓ. (SHO) ਰਵਿੰਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਹੁਣ ਮੁੱਖ ਮੁਲਜ਼ਮ ਦੇ ਫੜੇ ਜਾਣ ਨਾਲ ਪੁਲਸ ਨੂੰ ਇਸ ਮਾਮਲੇ ਵਿਚ ਵੱਡੀ ਸਫਲਤਾ ਮਿਲੀ ਹੈ।