ਜੈਮਾਲਾ ਸਮੇਂ ਮਚਿਆ ਹੰਗਾਮਾ! ਡੀਜੇ ਵਾਲੇ ਨੇ ਲਾੜੇ ਨੂੰ ਮਾਰਿਆ ਚਾਕੂ, ਵਾਰਦਾਤ ਡਰੋਨ ਕੈਮਰੇ 'ਚ ਕੈਦ

ਮਿਲੀ ਜਾਣਕਾਰੀ ਅਨੁਸਾਰ, ਵਿਆਹ ਸਮਾਗਮ ਵਿੱਚ ਆਏ ਦੋ ਨੌਜਵਾਨਾਂ ਨੇ ਜੈਮਾਲਾ ਦੇ ਸਟੇਜ 'ਤੇ ਜਾ ਕੇ ਲਾੜੇ ਸੁਜਲ ਸਮੁਦਰੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਜੈਮਾਲਾ ਵੇਲੇ ਡੀਜੇ ਵਾਲੇ ਨੇ ਲਾੜੇ ਨੂੰ ਮਾਰਿਆ ਚਾਕੂ, ਲਾੜੀ ਅਤੇ ਮਾਂ ਬੇਹੋਸ਼; ਡਰੋਨ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ
ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਕਥਿਤ ਤੌਰ 'ਤੇ ਇੱਕ ਡੀਜੇ ਵਾਲੇ ਨੇ ਲਾੜੇ 'ਤੇ ਹੀ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਹੈਰਾਨ ਕਰਨ ਵਾਲੀ ਘਟਨਾ ਮੰਗਲਵਾਰ ਰਾਤ ਨੂੰ ਅਮਰਾਵਤੀ ਦੇ ਬਡਨੇਰਾ ਰੋਡ 'ਤੇ ਸਥਿਤ ਸਾਹਿਲ ਲਾਅਨ ਵਿੱਚ ਵਾਪਰੀ।

ਮਿਲੀ ਜਾਣਕਾਰੀ ਅਨੁਸਾਰ, ਵਿਆਹ ਸਮਾਗਮ ਵਿੱਚ ਆਏ ਦੋ ਨੌਜਵਾਨਾਂ ਨੇ ਜੈਮਾਲਾ ਦੇ ਸਟੇਜ 'ਤੇ ਜਾ ਕੇ ਲਾੜੇ ਸੁਜਲ ਸਮੁਦਰੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਾੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਦੌਰਾਨ ਲਾੜੀ ਅਤੇ ਲਾੜੇ ਦੀ ਮਾਂ ਸਦਮੇ ਕਾਰਨ ਬੇਹੋਸ਼ ਹੋ ਗਈਆਂ। ਹਮਲਾਵਰਾਂ ਨੇ ਸਟੇਜ 'ਤੇ ਹਮਲਾ ਕੀਤਾ ਅਤੇ ਮੌਕੇ ਤੋਂ ਭੱਜ ਗਏ। ਜਦੋਂ ਲਾੜੇ ਦੇ ਪਿਤਾ ਰਾਮ ਸਮੁਦਰੇ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਨ੍ਹਾਂ 'ਤੇ ਵੀ ਚਾਕੂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ।

ਹਮਲੇ ਦੀ ਪੂਰੀ ਵਾਰਦਾਤ ਵਿਆਹ ਵਿੱਚ ਉੱਡ ਰਹੇ ਡਰੋਨ ਕੈਮਰੇ ਵਿੱਚ ਰਿਕਾਰਡ ਹੋ ਗਈ। ਦੋਸ਼ੀ ਬਾਈਕ 'ਤੇ ਬੈਠ ਕੇ ਫਰਾਰ ਹੋ ਗਏ ਪਰ ਡਰੋਨ ਕੈਮਰਾਮੈਨ ਨੇ ਕੁਝ ਦੂਰੀ ਤੱਕ ਦੋਸ਼ੀਆਂ ਦੀ ਬਾਈਕ ਦਾ ਡਰੋਨ ਨਾਲ ਪਿੱਛਾ ਵੀ ਕੀਤਾ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਡੀਜੇ ਦੇ ਪੈਸੇ ਨਾ ਦੇਣ ਕਾਰਨ ਸ਼ੁਰੂ ਹੋਇਆ। ਦੋਸ਼ੀ ਦੀ ਪਛਾਣ ਰਾਜੂ ਬਖਸ਼ੀ ਅਤੇ ਉਸਦੇ ਇੱਕ ਨਾਬਾਲਗ ਸਾਥੀ ਵਜੋਂ ਹੋਈ ਹੈ। ਰਾਜੂ ਬਖਸ਼ੀ ਅਤੇ ਲਾੜੇ ਸੁਜਲ ਸਮੁਦਰੇ ਵਿਚਕਾਰ ਪਹਿਲਾਂ ਤੋਂ ਜਾਣ-ਪਛਾਣ ਸੀ ਪਰ ਕੁਝ ਦਿਨ ਪਹਿਲਾਂ ਪੈਸੇ ਨੂੰ ਲੈ ਕੇ ਬਹਿਸ ਹੋਈ ਸੀ।

 ਜਾਣਕਾਰੀ ਅਨੁਸਾਰ, ਸੁਜਲ ਸਮੁਦਰੇ ਦੀ ਵਿਆਹ ਦੀ ਰਸਮ 9 ਨਵੰਬਰ ਨੂੰ ਅੰਜਨਗਾਓਂ ਸੁਰਜੀ ਵਿੱਚ ਆਯੋਜਿਤ ਕੀਤੀ ਗਈ ਸੀ, ਜਿੱਥੇ ਡੀਜੇ ਦੇ ਪੈਸੇ ਨਾ ਚੁਕਾਉਣ ਕਾਰਨ ਤਿੱਖੀ ਬਹਿਸ ਹੋਈ ਸੀ। ਲਾੜੇ ਦੇ ਪਿਤਾ ਰਾਮ ਸਮੁਦਰੇ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀਆਂ ਨੇ ਪਹਿਲਾਂ ਵੀ ਧਮਕੀ ਦਿੱਤੀ ਸੀ ਕਿ ਉਹ ਵਿਆਹ ਵਿੱਚ ਆ ਕੇ ਹੰਗਾਮਾ ਕਰਨਗੇ।

ਹਮਲੇ ਤੋਂ ਬਾਅਦ, ਲਾੜੇ ਨੂੰ ਗੰਭੀਰ ਹਾਲਤ ਵਿੱਚ ਰਿਮਸ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਉਸਨੂੰ ਘਰ ਭੇਜ ਦਿੱਤਾ ਗਿਆ। ਡਰ ਅਤੇ ਸਦਮੇ ਕਾਰਨ ਸਮੁਦਰੇ ਪਰਿਵਾਰ ਨੇ ਫਿਲਹਾਲ ਵਿਆਹ ਟਾਲ ਦਿੱਤਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਨਹੀਂ ਕਰਦੀ, ਉਹ ਵਿਆਹ ਨਹੀਂ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੋਸ਼ੀ ਰਾਜੂ ਦੇ ਘਰ ਜਾ ਕੇ ਭੰਨ੍ਹਤੋੜ ਵੀ ਕੀਤੀ ਸੀ। ਪੁਲਸ ਨੇ ਦੋਵਾਂ ਪੱਖਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਦੋਸ਼ੀ ਫਰਾਰ ਹਨ ਅਤੇ ਪੁਲਿਸ ਦੀਆਂ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।