ਉੱਜਵਲਾ ਯੋਜਨਾ ਤਹਿਤ ਹੁਣ ਸਾਲ 'ਚ ਮਿਲਣਗੇ ਸਿਰਫ਼ 4 ਸਬਸਿਡੀ ਸਿਲੰਡਰ

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਲਾਭਪਾਤਰੀਆਂ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ 'ਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਲਾਭਪਾਤਰੀਆਂ ਨੂੰ ਸਾਲ ਵਿੱਚ ਸਿਰਫ਼ ਚਾਰ ਰਿਫਿਲ 'ਤੇ ਹੀ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲੇਗੀ।
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਲਾਭਪਾਤਰੀਆਂ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ 'ਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, ਹੁਣ ਲਾਭਪਾਤਰੀਆਂ ਨੂੰ ਸਾਲ ਵਿੱਚ ਸਿਰਫ਼ ਚਾਰ ਰਿਫਿਲ 'ਤੇ ਹੀ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲੇਗੀ। ਇਸ ਤੋਂ ਪਹਿਲਾਂ, ਲਾਭਪਾਤਰੀਆਂ ਨੂੰ ਸਾਲਾਨਾ 9 ਸਿਲੰਡਰਾਂ 'ਤੇ ਸਬਸਿਡੀ ਮਿਲਦੀ ਸੀ।

ਲਾਭਪਾਤਰੀਆਂ 'ਤੇ ਵਿੱਤੀ ਬੋਝ
ਸਰਕਾਰ ਦੇ ਇਸ ਫੈਸਲੇ ਨਾਲ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਲਾਨਾ ਲਗਭਗ 1,500 ਰੁਪਏ ਦਾ ਨੁਕਸਾਨ ਹੋਵੇਗਾ। ਪਹਿਲਾਂ 9 ਸਿਲੰਡਰਾਂ 'ਤੇ 300 ਰੁਪਏ ਦੀ ਸਬਸਿਡੀ ਦੇ ਹਿਸਾਬ ਨਾਲ ਕੁੱਲ 2,700 ਰੁਪਏ ਦੀ ਮਦਦ ਮਿਲਦੀ ਸੀ, ਜੋ ਹੁਣ ਘਟ ਕੇ ਸਿਰਫ਼ 1,200 ਰੁਪਏ ਰਹਿ ਜਾਵੇਗੀ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਘਰੇਲੂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਵਰਤਮਾਨ 'ਚ ਆਮ ਗਾਹਕਾਂ ਲਈ 14.2 ਕਿਲੋ ਦਾ ਸਿਲੰਡਰ 942 ਰੁਪਏ ਦਾ ਹੈ, ਜਦੋਂ ਕਿ ਉੱਜਵਲਾ ਲਾਭਪਾਤਰੀਆਂ ਨੂੰ ਪਹਿਲੇ ਚਾਰ ਸਿਲੰਡਰਾਂ ਲਈ 642 ਰੁਪਏ ਭੁਗਤਾਨ ਕਰਨਾ ਹੋਵੇਗਾ।

ਪੈਟਰੋਲੀਅਮ ਮੰਤਰਾਲੇ ਦੇ ਅਨੁਸਾਰ, ਇਹ ਬਦਲਾਅ ਲਾਭਪਾਤਰੀਆਂ ਦੀ ਔਸਤ ਸਾਲਾਨਾ ਖਪਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇੱਕ ਆਮ ਪਰਿਵਾਰ ਵਿੱਚ ਸਾਲ ਭਰ ਵਿੱਚ ਲਗਭਗ ਚਾਰ ਰਿਫਿਲਾਂ ਦੀ ਹੀ ਖਪਤ ਹੁੰਦੀ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਇਸ ਕਦਮ ਨਾਲ ਸਰਕਾਰ 'ਤੇ ਵਿੱਤੀ ਬੋਝ ਘੱਟ ਹੋਵੇਗਾ, ਜਦੋਂ ਕਿ ਜ਼ਰੂਰਤਮੰਦ ਪਰਿਵਾਰਾਂ ਨੂੰ ਸਹਾਇਤਾ ਮਿਲਦੀ ਰਹੇਗੀ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ ਮਈ 2016 ਵਿੱਚ ਕੀਤੀ ਗਈ ਸੀ। ਹੁਣ ਤੱਕ ਇਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ 10.5 ਕਰੋੜ ਤੋਂ ਵੱਧ ਮੁਫ਼ਤ ਐੱਲਪੀਜੀ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਸਰਕਾਰ ਹੁਣ ਤੱਕ ਸਬਸਿਡੀ ਦੇ ਰੂਪ ਵਿੱਚ 52,000 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਕਾਬਿਲੇਗੌਰ ਹੈ ਕਿ ਸ਼ੁਰੂਆਤ ਵਿੱਚ ਸਾਲਾਨਾ 12 ਸਬਸਿਡੀ ਵਾਲੇ ਸਿਲੰਡਰ ਦਿੱਤੇ ਜਾਂਦੇ ਸਨ, ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ ਘਟਾ ਕੇ 9 ਕੀਤੀ ਗਈ ਸੀ ਅਤੇ ਹੁਣ ਇਸ ਨੂੰ ਸਿਰਫ਼ 4 ਤੱਕ ਸੀਮਤ ਕਰ ਦਿੱਤਾ ਗਿਆ ਹੈ।