ਬਾਸਕਟਬਾਲ ਪ੍ਰੈਕਟਿਸ ਦੌਰਾਨ ਦਰਦਨਾਕ ਹਾਦਸਾ, ਰਾਸ਼ਟਰੀ ਖਿਡਾਰੀ ਦੀ ਮੌਤ

ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਰਦਿਕ ਦੇ ਪਿਤਾ ਸੰਦੀਪ ਐਫ.ਸੀ.ਆਈ. ਵਿੱਚ ਨੌਕਰੀ ਕਰਦੇ ਹਨ।
ਰੋਹਤਕ ਦੇ ਲਾਖਨਮਾਜਰਾ ਬਲਾਕ ਵਿੱਚ ਨੈਸ਼ਨਲ ਪੱਧਰ ਦੇ ਖਿਡਾਰੀ ਹਾਰਦਿਕ ਦੀ ਮੌਤ ਹੋ ਗਈ। ਹਾਰਦਿਕ 10ਵੀਂ ਜਮਾਤ ਦਾ ਵਿਦਿਆਰਥੀ ਸੀ। ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਬਾਸਕਟਬਾਲ ਕੋਰਟ ਵਿੱਚ ਪ੍ਰੈਕਟਿਸ ਕਰਦਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਹਾਰਦਿਕ ਦੌੜ ਕੇ ਬਾਸਕਟਬਾਲ ਪੋਲ 'ਤੇ ਲਟਕਿਆ, ਲਗਭਗ 750 ਕਿਲੋਗ੍ਰਾਮ ਵਜ਼ਨ ਦਾ ਪੂਰਾ ਪੋਲ ਟੁੱਟ ਕੇ ਉਸ ਦੀ ਛਾਤੀ/ਪੇਟ 'ਤੇ ਡਿੱਗ ਗਿਆ,  ਇਸ ਹਾਦਸੇ ਵਿੱਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਰਦਿਕ ਦੇ ਪਿਤਾ ਸੰਦੀਪ ਐਫ.ਸੀ.ਆਈ. ਵਿੱਚ ਨੌਕਰੀ ਕਰਦੇ ਹਨ।

ਮ੍ਰਿਤਕ ਹਾਰਦਿਕ ਕਈ ਨੈਸ਼ਨਲ ਈਵੈਂਟਸ ਵਿੱਚ ਮੈਡਲ ਜਿੱਤ ਚੁੱਕਾ ਸੀ। ਉਸ ਨੇ ਕਾਂਗੜਾ ਵਿੱਚ ਹੋਈ 47ਵੀਂ ਸਬ ਜੂਨੀਅਰ ਨੈਸ਼ਨਲ ਬਾਸਕਟਬਾਲ ਪ੍ਰਤੀਯੋਗਿਤਾ ਵਿੱਚ ਸਿਲਵਰ ਮੈਡਲ, ਅਤੇ ਹੈਦਰਾਬਾਦ ਵਿੱਚ 49ਵੀਂ ਸਬ ਜੂਨੀਅਰ ਨੈਸ਼ਨਲ ਅਤੇ ਪੁਡੂਚੇਰੀ ਵਿੱਚ 39ਵੀਂ ਯੂਥ ਨੈਸ਼ਨਲ ਬਾਸਕਟਬਾਲ ਪ੍ਰਤੀਯੋਗਿਤਾਵਾਂ ਵਿੱਚ ਬ੍ਰੋਨਜ਼ ਮੈਡਲ ਜਿੱਤੇ ਸਨ। ਇਸ ਹਾਦਸੇ ਪਿੱਛੇ ਸਟੇਡੀਅਮ ਦੀ ਮੁਰੰਮਤ ਵਿੱਚ ਲਾਪਰਵਾਹੀ ਦਾ ਵੱਡਾ ਕਾਰਨ ਸਾਹਮਣੇ ਆਇਆ ਹੈ। 

ਲੋਕਾਂ ਨੇ ਇਸ ਸਟੇਡੀਅਮ ਦੀ ਮੇਨਟੀਨੈਂਸ ਨੂੰ ਲੈ ਕੇ ਤਿੰਨ ਮਹੀਨੇ ਪਹਿਲਾਂ ਮੁੱਖ ਮੰਤਰੀ ਨਾਇਬ ਸੈਣੀ ਨਾਲ ਵੀ ਮੁਲਾਕਾਤ ਕੀਤੀ ਸੀ। ਚਾਰ ਸਾਲ ਪਹਿਲਾਂ ਤਤਕਾਲੀਨ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਐਮ.ਪੀ. ਲੈਡ ਫੰਡ ਤੋਂ ਲਾਖਨਮਾਜਰਾ ਪੰਚਾਇਤ ਨੂੰ 11 ਲੱਖ ਰੁਪਏ ਦਿੱਤੇ ਸਨ, ਪਰ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀ ਸਟੇਡੀਅਮ ਦੀ ਮੇਨਟੀਨੈਂਸ ਨਹੀਂ ਕਰਵਾ ਸਕੇ। ਮੇਨਟੀਨੈਂਸ ਦਾ ਕੰਮ ਅਜੇ ਵੀ ਟੈਂਡਰ ਪ੍ਰਕਿਰਿਆ ਵਿੱਚ ਉਲਝਿਆ ਹੋਇਆ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਬੀ.ਐਨ.ਐਸ. 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।