ਜਲੰਧਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਪਿਆਂ ਵਿੱਚ ਦਹਿਸ਼ਤ

ਜਲੰਧਰ ਦੇ ਤਿੰਨ ਪ੍ਰਮੁੱਖ ਸਕੂਲਾਂ ਕੇ.ਐਮ.ਵੀ, ਸੇਂਟ ਜੋਸਫ਼ ਅਤੇ ਆਈ.ਵੀ ਵਰਲਡ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਸ਼ਹਿਰ ਵਿੱਚ ਹੜਕੰਪ ਮਚ ਗਿਆ।

ਜਲੰਧਰ ਤੋਂ ਇਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਸੇਂਟ ਜੋਸਫ਼ ਸਕੂਲ, ਆਈ.ਵੀ. ਵਰਲਡ ਸਕੂਲ ਸਮੇਤ ਕੇ.ਐੱਮ.ਵੀ. ਕਾਲਜ ਅਤੇ ਕੇ.ਐੱਮ.ਵੀ. ਸੰਸਕ੍ਰਿਤੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਕਾਰਨ ਸਕੂਲ ਪ੍ਰਬੰਧਨ ਵਿੱਚ ਹੜਕੰਪ ਮਚ ਗਿਆ।

ਧਮਕੀ ਦੀ ਜਾਣਕਾਰੀ ਮਿਲਦੇ ਹੀ ਸਕੂਲ ਅਤੇ ਕਾਲਜ ਪ੍ਰਬੰਧਨ ਵੱਲੋਂ ਤੁਰੰਤ ਮਾਪਿਆਂ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਮਾਪੇ ਘਬਰਾਹਟ ਵਿੱਚ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਪਹੁੰਚ ਗਏ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸੰਬੰਧਤ ਸਕੂਲ ਅਤੇ ਕਾਲਜ ਖਾਲੀ ਕਰਵਾ ਲਏ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਕੇ.ਐੱਮ.ਵੀ. ਸਕੂਲ ਦੇ ਪ੍ਰਿੰਸੀਪਲ ਨੂੰ ਪਹਿਲਾਂ ਧਮਕੀ ਭਰਿਆ ਫ਼ੋਨ ਆਇਆ ਸੀ। ਫ਼ੋਨ ਕਾਲ ਮਿਲਣ ਤੋਂ ਬਾਅਦ ਤੁਰੰਤ ਕੇ.ਐੱਮ.ਵੀ. ਕਾਲਜ ਅਤੇ ਸਕੂਲ ਨੂੰ ਖਾਲੀ ਕਰਵਾਇਆ ਗਿਆ, ਜਿਸ ਨਾਲ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਨੂੰ ਸੁਰੱਖਿਅਤ ਕਰਦੇ ਹੋਏ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ, ਪਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੀਆਂ ਬੰਬ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਨਾਲ ਸਕੂਲਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।