ਅੰਮ੍ਰਿਤਸਰ ਬੱਸ ਸਟੈਂਡ ਕਤਲ ਕਾਂਡ ਦੀ ਇਸ ਗੈਂਗ ਨੇ ਲਈ ਜ਼ਿੰਮੇਵਾਰੀ, ਕਿਹਾ...

ਗੈਂਗ ਨੇ ਦਾਅਵਾ ਕੀਤਾ ਕਿ ਮ੍ਰਿਤਕ ਮੱਖਣ ਉਨ੍ਹਾਂ ਦੇ "ਐਂਟੀ ਜੱਗੂ" (ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ) ਦਾ ਖਾਸ ਸੀ।
ਅੰਮ੍ਰਿਤਸਰ ਬੱਸ ਸਟੈਂਡ 'ਤੇ ਮੰਗਲਵਾਰ ਸਵੇਰੇ ਹੋਈ ਤਾਬੜਤੋੜ ਗੋਲੀਬਾਰੀ ਨੇ ਸ਼ਹਿਰ ਵਿੱਚ ਵੱਡਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਯਾਤਰੀਆਂ ਵਿੱਚ ਭਾਜੜ ਮਚ ਗਈ। ਇਸ ਘਟਨਾ ਵਿੱਚ 'ਕਾਹਲੋਂ ਬੱਸ' ਦੇ ਟਰਾਂਸਪੋਰਟ ਇੰਚਾਰਜ ਮੱਖਣ ਦੀ ਮੌਤ ਹੋ ਗਈ, ਜਿਸ ਨੂੰ ਕਰੀਬ ਚਾਰ ਗੋਲੀਆਂ ਲੱਗੀਆਂ।

ਗੈਂਗਸਟਰਾਂ ਨੇ ਲਈ ਕਤਲ ਦੀ ਜ਼ਿੰਮੇਵਾਰੀ:
ਸ਼ੁਰੂਆਤੀ ਜਾਂਚ ਵਿੱਚ ਜਿੱਥੇ ਪੁਲਸ ਇਸ ਝਗੜੇ ਨੂੰ ਯਾਤਰੀਆਂ ਨੂੰ ਪਹਿਲਾਂ ਬਿਠਾਉਣ ਅਤੇ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਹੋਈ ਕਹਾ-ਸੁਣੀ ਦੱਸ ਰਹੀ ਸੀ, ਉੱਥੇ ਹੀ ਇਸ ਮਾਮਲੇ ਵਿੱਚ ਵੱਡਾ ਮੋੜ ਆ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਬੰਬੀਹਾ ਗੈਂਗ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਡੋਨੀ ਬਲ, ਅਮਰ ਖੱਬੇ ਅਤੇ ਬੰਬੀਹਾ ਗਰੁੱਪ ਨਾਲ ਜੁੜੇ ਕਈ ਨਾਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਦਾਅਵਾ ਕੀਤਾ ਕਿ ਇਹ ਕਤਲ ਉਨ੍ਹਾਂ ਦੇ 'ਵੀਰ ਧਰਮੇ' ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਹੈ।

ਗੈਂਗ ਨੇ ਦਾਅਵਾ ਕੀਤਾ ਕਿ ਮ੍ਰਿਤਕ ਮੱਖਣ ਉਨ੍ਹਾਂ ਦੇ "ਐਂਟੀ ਜੱਗੂ" (ਜੱਗੂ ਭਗਵਾਨਪੁਰੀਆ ਗੈਂਗ ਦੇ ਵਿਰੋਧੀ) ਦਾ ਖਾਸ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੱਖਣ ਮਨਦੀਪ ਤੂਫਾਨ ਅਤੇ ਮਨੀ ਬੁੱਲੜ (ਜੋ ਮੂਸੇਵਾਲਾ ਕੇਸ ਨਾਲ ਜੁੜੇ ਹੋਏ ਹਨ) ਨੂੰ ਪਨਾਹ ਦਿੰਦਾ ਸੀ ਅਤੇ ਉਨ੍ਹਾਂ ਦੇ ਹਥਿਆਰ ਵੀ ਸੰਭਾਲਦਾ ਸੀ। ਗੈਂਗ ਨੇ ਚੇਤਾਵਨੀ ਦਿੱਤੀ ਕਿ ਉਹ "ਜੱਗੂ ਦੇ ਨਾਜਾਇਜ਼ ਕੰਮਾਂ" ਦਾ ਪੂਰਾ ਹਿਸਾਬ ਲੈਣਗੇ। ਉਨ੍ਹਾਂ ਨੇ ਖਾਸ ਤੌਰ 'ਤੇ ਧਮਕੀ ਦਿੱਤੀ ਕਿ 'ਮੁੱਖਾ ਮਰੜ ਵਾਲਾ', ਜੋ ਇਸ ਹਮਲੇ ਵਿੱਚ ਬਚ ਗਿਆ, ਉਹ ਵੀ ਹੁਣ ਨਹੀਂ ਬਚੇਗਾ।

ਗੋਲੀਬਾਰੀ ਤੋਂ ਬਾਅਦ ਐਸਪੀ ਗਗਨਦੀਪ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਘਟਨਾ ਵਾਲੀ ਥਾਂ ਤੋਂ 6 ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪੁਲਸ ਹੁਣ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਹਾਈ-ਪ੍ਰਾਇਓਰਿਟੀ 'ਤੇ ਲੈ ਲਿਆ ਹੈ ਅਤੇ ਫਰਾਰ ਹੋਏ ਦੋਸ਼ੀ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ।