ਮਸ਼ਹੂਰ ਪੰਜਾਬੀ ਅਦਾਕਾਰ ਦੇ ਸ਼ੋਅਰੂਮ 'ਚ ਕਰੋੜਾਂ ਦੇ ਗਹਿਣੇ ਲੈ ਕੇ ਚੋਰ ਹੋਏ ਫਰਾਰ

ਚੋਰਾਂ ਨੇ ਉਸ ਤਿਜੋਰੀ ਨਿਸ਼ਾਨਾ ਬਣਾਇਆ ਜਿਸ ਨੂੰ ਆਮ ਆਦਮੀ ਨਹੀਂ ਖੋਲ੍ਹ ਸਕਦਾ।
ਮੋਹਾਲੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਰੂਮ 'ਚ ਚੋਰਾਂ ਨੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਉਸ ਤਿਜੋਰੀ ਨਿਸ਼ਾਨਾ ਬਣਾਇਆ ਜਿਸ ਨੂੰ ਆਮ ਆਦਮੀ ਨਹੀਂ ਖੋਲ੍ਹ ਸਕਦਾ।

ਰਿਪੋਰਟਾਂ ਮੁਤਾਬਕ, ਇਹ ਵਾਰਦਾਤ ਰਾਤ ਦੇ ਸਮੇਂ ਹੋਈ, ਜਦ ਸ਼ੋਅਰੂਮ ਬੰਦ ਸੀ। ਚੋਰਾਂ ਨੇ ਤਿਜੋਰੀ ਤੋੜ ਕੇ ਕੀਮਤੀ ਗਹਿਣੇ ਅਤੇ ਨਕਦ ਚੋਰੀ ਕਰ ਲਏ। ਹਾਲਾਂਕਿ ਚੋਰੀ ਦੀ ਕੁੱਲ ਰਕਮ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਗਿਆ ਪਰ ਅੰਦਾਜ਼ਾ ਹੈ ਕਿ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵਿਕਰਮ ਸਿੱਧੂ ਦੇ ਦੱਸਣ ਮੁਤਾਬਕ ਅਨੁਸਾਰ ਮੁੱਢਲੀ ਜਾਂਚ ਮੁਤਾਬਕ 2 ਕਰੋੜ ਰੁਪਏ ਦੇ ਕਰੀਬ ਦੇ ਗਹਿਣੇ ਕਿਸੇ ਵੱਲੋਂ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਟੋਰ ਰੂਮ ਨੂੰ ਤੋੜਨ ਦੀ ਬਜਾਏ, ਅਜਿਹਾ ਜਾਪਦਾ ਹੈ ਕਿ ਇਸ ਨੂੰ ਖੋਲ੍ਹਿਆ ਗਿਆ ਹੈ, ਜੋ ਕਿਸੇ ਪ੍ਰੋਫੈਸ਼ਨਲ ਗਿਰੋਹ ਦਾ ਕੰਮ ਹੋ ਸਕਦਾ ਹੈ। 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਆਈ.ਟੀ.ਸਿਟੀ ਦੀ ਪੁਲਸ ਮੌਕੇ ’ਤੇ ਪਹੁੰਚੀ। ਇਸ ਸਬੰਧੀ ਥਾਣਾ ਮੁਖੀ ਸਤਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਚੋਰੀ ਦੇ ਸਬੰਧ ’ਚ ਅਣਪਛਾਤਿਆਂ ਖ਼ਿਲਾਫ਼ ਧਾਰਾ-305 (ਏ) ਅਤੇ 331(4) ਬੀ.ਐੱਨ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।

ਦੱਸ ਦਈਏ ਕਿ ਕੁਲਜਿੰਦਰ ਸਿੱਧੂ, ਜੋ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ, ਨੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪੁਲਸ ਜਲਦੀ ਦੋਸ਼ੀਆਂ ਨੂੰ ਕਾਬੂ ਕਰੇਗੀ।