ਬਿਜਲੀ ਵਿਭਾਗ 'ਚ 2,437 ਨੌਜਵਾਨਾਂ ਦੀ ਹੋਵੇਗੀ ਪੱਕੀ ਭਰਤੀ, ਪੰਜਾਬੀ ਟੈਸਟ ਲਾਜ਼ਮੀ

ਪੰਜਾਬ ਸਰਕਾਰ ਨੇ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਾ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿਚ ਸਿਖਲਾਈ ਲੈ ਰਹੇ 2,437 ਅਪ੍ਰੈਂਟਿਸਾਂ ਨੂੰ ਪੱਕੇ ਤੌਰ 'ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਅਸਿਸਟੈਂਟ ਲਾਈਨਮੈਨ (ALM) ਦੇ ਅਹੁਦਿਆਂ 'ਤੇ ਤਾਇਨਾਤ ਕੀਤਾ ਜਾਵੇਗਾ।
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਾ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿਚ ਸਿਖਲਾਈ ਲੈ ਰਹੇ 2,437 ਅਪ੍ਰੈਂਟਿਸਾਂ ਨੂੰ ਪੱਕੇ ਤੌਰ 'ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਅਸਿਸਟੈਂਟ ਲਾਈਨਮੈਨ (ALM) ਦੇ ਅਹੁਦਿਆਂ 'ਤੇ ਤਾਇਨਾਤ ਕੀਤਾ ਜਾਵੇਗਾ।

ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਕਾਰਵਾਈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਫੈਸਲੇ ਤੋਂ ਪਹਿਲਾਂ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਏ ਲਈ ਗਈ ਸੀ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਨਿਰਧਾਰਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਵਿਭਾਗ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਨੌਜਵਾਨ ਪਿਛਲੇ ਅੱਠ-ਨੌ ਮਹੀਨਿਆਂ ਤੋਂ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਛੇ ਮਹੀਨਿਆਂ ਤੋਂ ਫੀਲਡ ਵਿਚ ਤਜਰਬਾ ਹਾਸਲ ਕਰ ਰਹੇ ਹਨ।

ਗਰਮੀ ਤੇ ਮਾਨਸੂਨ ਦੇ ਮੱਦੇਨਜ਼ਰ ਫੈਸਲਾ
ਸਰਕਾਰ ਮੁਤਾਬਕ, ਇਸ ਸਮੇਂ ਭਿਆਨਕ ਗਰਮੀ ਅਤੇ ਆਉਣ ਵਾਲੇ ਮਾਨਸੂਨ ਸੀਜ਼ਨ ਕਾਰਨ ਬਿਜਲੀ ਵਿਭਾਗ 'ਤੇ ਕੰਮ ਦਾ ਬੋਝ ਕਾਫੀ ਜ਼ਿਆਦਾ ਹੈ। ਫੀਲਡ ਪੱਧਰ 'ਤੇ ਵਾਧੂ ਤਕਨੀਕੀ ਸਟਾਫ ਦੀ ਲੋੜ ਨੂੰ ਦੇਖਦੇ ਹੋਏ ਇਨ੍ਹਾਂ ਨੌਜਵਾਨਾਂ ਦੀਆਂ ਸੇਵਾਵਾਂ ਤੁਰੰਤ ਲੈਣ ਦਾ ਫੈਸਲਾ ਕੀਤਾ ਗਿਆ ਹੈ।

ਪੰਜਾਬੀ ਭਾਸ਼ਾ ਦਾ ਟੈਸਟ ਹੋਵੇਗਾ ਲਾਜ਼ਮੀ
ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਿਯੁਕਤੀ ਤੋਂ ਪਹਿਲਾਂ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਦਾ ਇੱਕ ਬੇਸਿਕ ਟੈਸਟ ਪਾਸ ਕਰਨਾ ਹੋਵੇਗਾ। ਇਹ ਸ਼ਰਤ ਪੰਜਾਬ ਅਤੇ ਰਾਜ ਤੋਂ ਬਾਹਰਲੇ ਸਾਰੇ ਉਮੀਦਵਾਰਾਂ ਲਈ ਲਾਜ਼ਮੀ ਹੈ। ਸਰਕਾਰ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਦਾ ਗਿਆਨ ਹੋਣ 'ਤੇ ਹੀ ਕਰਮਚਾਰੀ ਆਮ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰ ਸਕਣਗੇ ਅਤੇ ਆਪਣੀ ਡਿਊਟੀ ਬਿਹਤਰ ਤਰੀਕੇ ਨਾਲ ਨਿਭਾ ਸਕਣਗੇ।

ਵਿਭਾਗ ਜਲਦੀ ਹੀ ਆਪਣੀ ਵੈੱਬਸਾਈਟ 'ਤੇ ਇਸ ਭਾਸ਼ਾ ਪ੍ਰੀਖਿਆ ਦਾ ਸਿਲੇਬਸ ਅਤੇ ਤਾਰੀਖ ਜਾਰੀ ਕਰੇਗਾ, ਜਿਸ ਤੋਂ ਬਾਅਦ ਸਫਲ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣਗੇ।