ਆਸਟ੍ਰੇਲੀਆ 'ਚ ਪੰਜਾਬੀ ਬੋਲਣ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ! ਕਈ ਡਰਾਈਵਰਾਂ ਨੇ ਤੰਗ ਆ ਕੇ ਛੱਡੀ ਨੌਕਰੀ

ਆਸਟ੍ਰੇਲੀਆ ਦੇ ਮਾਲ ਟ੍ਰਾਂਸਪੋਰਟ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਭਿਆਨਕ ਨਸਲੀ ਹਮਲਿਆਂ ਅਤੇ ਹਿੰਸਕ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਡਰਾਈਵਰਾਂ ਨੂੰ ਰੇਡੀਓ ਰਾਹੀਂ ਬੱਚਿਆਂ ਨੂੰ ਪਾਣੀ ਵਿੱਚ ਡੁਬਾਉਣ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਗੁਲਾਮ ਬਣਾ ਕੇ ਵੇਚਣ ਵਰਗੀਆਂ ਖੌਫਨਾਕ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕੈਨਬਰਾ : ਆਸਟ੍ਰੇਲੀਆ ਦੇ ਮਾਲ ਟ੍ਰਾਂਸਪੋਰਟ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਭਿਆਨਕ ਨਸਲੀ ਹਮਲਿਆਂ ਅਤੇ ਹਿੰਸਕ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਡਰਾਈਵਰਾਂ ਨੂੰ ਰੇਡੀਓ ਰਾਹੀਂ ਬੱਚਿਆਂ ਨੂੰ ਪਾਣੀ ਵਿੱਚ ਡੁਬਾਉਣ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਗੁਲਾਮ ਬਣਾ ਕੇ ਵੇਚਣ ਵਰਗੀਆਂ ਖੌਫਨਾਕ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬੀ ਬੋਲਣ 'ਤੇ ਥੁੱਕਿਆ ਅਤੇ ਦਿੱਤੀਆਂ ਗਾਲਾਂ
'ਏਬੀਸੀ (ABC) ਨਿਊਜ਼' ਦੀ ਰਿਪੋਰਟ ਅਨੁਸਾਰ, ਦੱਖਣੀ ਆਸਟ੍ਰੇਲੀਆ ਵਿੱਚ ਇੱਕ ਟਰੱਕ ਸਟਾਪ 'ਤੇ ਪੰਜਾਬੀ ਡਰਾਈਵਰ ਜਸਵਿੰਦਰ ਬੋਪਾਰਾਏ 'ਤੇ ਉਸ ਸਮੇਂ ਇੱਕ ਸ਼ਖਸ ਨੇ ਥੁੱਕ ਦਿੱਤਾ ਜਦੋਂ ਉਹ ਫ਼ੋਨ 'ਤੇ ਆਪਣੀ ਪਤਨੀ ਨਾਲ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ। ਹਮਲਾਵਰ ਨੇ ਉਸ ਨੂੰ ਕਿਹਾ ਕਿ "ਇਹ ਆਸਟ੍ਰੇਲੀਆ ਹੈ, ਇੱਥੇ ਅੰਗਰੇਜ਼ੀ ਵਿੱਚ ਗੱਲ ਕਰੋ"। ਇਸੇ ਤਰ੍ਹਾਂ ਨਰਿੰਦਰ ਸਿੰਘ ਨਾਮ ਦੇ ਇੱਕ ਹੋਰ ਡਰਾਈਵਰ ਨੇ ਦੱਸਿਆ ਕਿ ਪਗੜੀ ਪਹਿਨਣ ਕਾਰਨ ਉਸ ਦਾ ਮਜ਼ਾਕ ਉਡਾਇਆ ਗਿਆ ਅਤੇ ਵਾਰ-ਵਾਰ "ਆਪਣੇ ਦੇਸ਼ ਵਾਪਸ ਜਾਓ" ਵਰਗੀਆਂ ਟਿੱਪਣੀਆਂ ਕੀਤੀਆਂ ਗਈਆਂ, ਜਿਸ ਕਾਰਨ ਉਸ ਨੇ ਸਿਰਫ਼ 8 ਮਹੀਨਿਆਂ ਵਿੱਚ ਹੀ ਨੌਕਰੀ ਛੱਡ ਦਿੱਤੀ।

ਸੀਬੀ (CB) ਰੇਡੀਓ 'ਤੇ ਨਫ਼ਰਤ ਦਾ ਪ੍ਰਚਾਰ
ਟਰੱਕ ਡਰਾਈਵਰਾਂ ਵਿਚਕਾਰ ਸੜਕ ਸੁਰੱਖਿਆ ਲਈ ਵਰਤੇ ਜਾਣ ਵਾਲੇ ਸੀਬੀ ਰੇਡੀਓ ਚੈਨਲਾਂ 'ਤੇ ਹੁਣ ਨਸਲੀ ਟਿੱਪਣੀਆਂ ਦਾ ਬੋਲਬਾਲਾ ਹੈ। ਵਾਇਰਲ ਹੋਏ ਇੱਕ ਆਡੀਓ ਵਿੱਚ ਇੱਕ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ "ਭਾਰਤੀਆਂ ਨੂੰ ਮਾਰ ਦਿਓ... ਗ੍ਰਹਿ ਯੁੱਧ ਆਉਣ ਵਾਲਾ ਹੈ... ਅਸੀਂ ਸਾਰੇ ਭਾਰਤੀ ਮਰਦਾਂ ਨੂੰ ਮਾਰ ਦੇਵਾਂਗੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਡੁਬਾ ਦੇਵਾਂਗੇ"। ਇਨ੍ਹਾਂ ਧਮਕੀਆਂ ਕਾਰਨ ਕਈ ਡਰਾਈਵਰਾਂ ਨੇ ਡਰ ਦੇ ਮਾਰੇ ਰੇਡੀਓ ਦੀ ਵਰਤੋਂ ਹੀ ਬੰਦ ਕਰ ਦਿੱਤੀ ਹੈ।

ਸਰਕਾਰ ਦਾ ਪੱਖ: 'ਇਹ ਇੱਕ ਕੌੜੀ ਸੱਚਾਈ ਹੈ'
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਇਸ ਪੂਰੇ ਮਾਮਲੇ 'ਤੇ ਗਹਿਰੀ ਚਿੰਤਾ ਅਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਮੰਨਿਆ ਕਿ ਆਸਟ੍ਰੇਲੀਆਈ ਸੜਕਾਂ ਅਤੇ ਰੇਡੀਓ ਚੈਨਲਾਂ 'ਤੇ ਭਾਰਤੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਇੱਕ "ਕੜਵਾ ਸੱਚ" ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਇੱਕ 'ਆਰਕੈਸਟਰਾ' ਵਾਂਗ ਹੈ ਜਿੱਥੇ ਹਰ ਸੰਸਕ੍ਰਿਤੀ ਦੀ ਆਪਣੀ ਜਗ੍ਹਾ ਹੈ ਅਤੇ ਅਜਿਹੀ ਨਫ਼ਰਤ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਹੈ।

ਭਾਰਤੀ ਡਰਾਈਵਰਾਂ ਦੀ ਅਹਿਮੀਅਤ ਅਤੇ ਸੁਰੱਖਿਆ
ਆਸਟ੍ਰੇਲੀਆ ਵਿੱਚ ਇਸ ਸਮੇਂ ਲਗਭਗ 7 ਤੋਂ 8 ਹਜ਼ਾਰ ਪੰਜਾਬੀ ਟਰੱਕ ਡਰਾਈਵਰ ਹਨ, ਜੋ ਸਪਲਾਈ ਚੇਨ ਨੂੰ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੇਸ਼ ਵਿੱਚ ਪਹਿਲਾਂ ਹੀ 28,000 ਭਾਰੀ ਵਾਹਨ ਡਰਾਈਵਰਾਂ ਦੀ ਕਮੀ ਹੈ ਤੇ ਜੇਕਰ ਨਸਲੀ ਘਟਨਾਵਾਂ ਕਾਰਨ ਪੰਜਾਬੀ ਡਰਾਈਵਰਾਂ ਨੇ ਕੰਮ ਛੱਡਣਾ ਜਾਰੀ ਰੱਖਿਆ ਤਾਂ ਆਸਟ੍ਰੇਲੀਆ ਦੀ ਆਰਥਿਕਤਾ ਲਈ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਸਰਕਾਰ ਨੇ ਸੁਰੱਖਿਆ ਵਜੋਂ ਹਰ ਵੱਡੇ ਸ਼ਹਿਰ ਵਿੱਚ 'ਮਾਈਗ੍ਰੈਂਟ ਵਰਕਰ ਸਪੋਰਟ ਸੈਂਟਰ' ਖੋਲ੍ਹੇ ਹਨ ਜਿੱਥੇ ਪ੍ਰਵਾਸੀ ਡਰਾਈਵਰ ਬਿਨਾਂ ਕਿਸੇ ਡਰ ਦੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।