ਪੰਜਾਬ 'ਚ ਅੱਜ ਵੀ ਜਾਰੀ ਰਹੇਗੀ PRTC ਤੇ ਪਨਬਸ ਮੁਲਾਜ਼ਮਾਂ ਦੀ ਹੜਤਾਲ, CM ਹਾਊਸ ਦੇ ਘਿਰਾਓ ਦੀ ਤਿਆਰੀ

ਪੰਜਾਬ ਵਿਚ PRTC ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਵੀ 2200 ਤੋਂ ਵੱਧ ਸਰਕਾਰੀ ਬੱਸਾਂ ਸੜਕਾਂ 'ਤੇ ਨਹੀਂ ਉਤਰੀਆਂ। ਇਸ ਹੜਤਾਲ ਕਾਰਨ ਸੂਬੇ ਵਿੱਚ ਲਗਭਗ 1000 ਤੋਂ 1100 ਰੂਟ ਪ੍ਰਭਾਵਿਤ ਹੋਏ ਹਨ, ਜਿਸ ਨਾਲ ਆਮ ਲੋਕਾਂ, ਖਾਸ ਕਰਕੇ ਔਰਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ : ਪੰਜਾਬ ਵਿਚ PRTC ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਵੀ 2200 ਤੋਂ ਵੱਧ ਸਰਕਾਰੀ ਬੱਸਾਂ ਸੜਕਾਂ 'ਤੇ ਨਹੀਂ ਉਤਰੀਆਂ। ਇਸ ਹੜਤਾਲ ਕਾਰਨ ਸੂਬੇ ਵਿੱਚ ਲਗਭਗ 1000 ਤੋਂ 1100 ਰੂਟ ਪ੍ਰਭਾਵਿਤ ਹੋਏ ਹਨ, ਜਿਸ ਨਾਲ ਆਮ ਲੋਕਾਂ, ਖਾਸ ਕਰਕੇ ਔਰਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭੁੱਖ ਹੜਤਾਲ ਅਤੇ ਸੀਐੱਮ ਹਾਊਸ ਵੱਲ ਕੂਚ
ਮੁਲਾਜ਼ਮ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਮੁਲਾਜ਼ਮ ਅੱਜ ਮੋਹਾਲੀ ਦੇ ਫੇਜ਼-6 ਬੱਸ ਸਟੈਂਡ 'ਤੇ ਇਕੱਠੇ ਹੋਣਗੇ। ਉੱਥੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਦੁਪਹਿਰ ਵੇਲੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ ਜਾਵੇਗਾ।  ਪ੍ਰਦਰਸ਼ਨ ਦੇ ਮੱਦੇਨਜ਼ਰ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਹੈ।

ਰੋਜ਼ਾਨਾ 4 ਕਰੋੜ ਰੁਪਏ ਦਾ ਨੁਕਸਾਨ
ਹੜਤਾਲ ਕਾਰਨ ਵਿਭਾਗ ਨੂੰ ਰੋਜ਼ਾਨਾ ਕਰੀਬ 4 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਸਰਕਾਰੀ ਬੱਸਾਂ ਨਾ ਚੱਲਣ ਕਾਰਨ ਔਰਤਾਂ ਨੂੰ ਮਿਲਣ ਵਾਲੀ ਮੁਫਤ ਸਫ਼ਰ ਦੀ ਸਹੂਲਤ ਵੀ ਬੰਦ ਹੈ, ਕਿਉਂਕਿ ਵਿਭਾਗ ਦੇ ਮਾਲੀਏ ਦਾ ਲਗਭਗ 50 ਫੀਸਦੀ ਹਿੱਸਾ ਔਰਤਾਂ ਦੀ ਮੁਫਤ ਯਾਤਰਾ ਦੇ ਬਦਲੇ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਤੋਂ ਆਉਂਦਾ ਹੈ। 

ਇਸ ਸਾਲ ਦੀ 5ਵੀਂ ਵੱਡੀ ਹੜਤਾਲ
ਇਹ ਇਸ ਸਾਲ ਦਾ ਹੁਣ ਤੱਕ ਦਾ ਪੰਜਵਾਂ ਚੱਕਾ ਜਾਮ ਹੈ। ਇਸ ਤੋਂ ਪਹਿਲਾਂ ਫਰਵਰੀ, ਜੂਨ ਅਤੇ ਜੁਲਾਈ ਮਹੀਨਿਆਂ ਵਿੱਚ ਵੀ ਵੱਖ-ਵੱਖ ਮੰਗਾਂ ਜਿਵੇਂ ਕਿ ਤਨਖਾਹਾਂ ਵਿੱਚ ਵਾਧਾ, ਕਿਲੋਮੀਟਰ ਸਕੀਮ ਦਾ ਵਿਰੋਧ ਅਤੇ ਸਾਥੀਆਂ ਦੀ ਰਿਹਾਈ ਨੂੰ ਲੈ ਕੇ ਹੜਤਾਲਾਂ ਕੀਤੀਆਂ ਜਾ ਚੁੱਕੀਆਂ ਹਨ।

ਮੁਸਾਫ਼ਰਾਂ ਲਈ ਵਿਕਲਪ ਅਤੇ ਸਲਾਹ
ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਨਿੱਜੀ ਬੱਸਾਂ, ਟ੍ਰੇਨਾਂ, ਕੈਬ ਜਾਂ ਟੈਕਸੀ ਸ਼ੇਅਰਿੰਗ ਦਾ ਸਹਾਰਾ ਲੈਣ ਦੀ ਸਲਾਹ ਦਿੱਤੀ ਗਈ ਹੈ। ਚੰਡੀਗੜ੍ਹ ਤੋਂ ਸਫ਼ਰ ਕਰਨ ਵਾਲੇ ਯਾਤਰੀ CTU, ਹਰਿਆਣਾ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੋਲ ਰੂਮ ਨੰਬਰਾਂ ਤੋਂ ਬੱਸਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਲੈ ਸਕਦੇ ਹਨ।