ਬਾਬੇ ਬਣ ਆਏ ਲੁਟੇਰਿਆਂ ਨੇ ਔਰਤ ਨੂੰ 100 ਮੀਟਰ ਤੱਕ ਘਸੀਟਿਆ, ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ

ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਰੋਡ ਸਥਿਤ ਰੋਜ਼ ਪਾਰਕ ਗੁਰਦੁਆਰਾ ਸਾਹਿਬ ਦੇ ਨੇੜੇ ਦਿਨ-ਦਿਹਾੜੇ ਲੁੱਟ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬਾਬਾ ਬਣ ਕੇ ਆਏ ਤਿੰਨ ਲੁਟੇਰਿਆਂ ਨੇ ਸਬਜ਼ੀ ਖਰੀਦ ਰਹੀ ਇੱਕ ਮਹਿਲਾ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।
ਜਲੰਧਰ : ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਰੋਡ ਸਥਿਤ ਰੋਜ਼ ਪਾਰਕ ਗੁਰਦੁਆਰਾ ਸਾਹਿਬ ਦੇ ਨੇੜੇ ਦਿਨ-ਦਿਹਾੜੇ ਲੁੱਟ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬਾਬਾ ਬਣ ਕੇ ਆਏ ਤਿੰਨ ਲੁਟੇਰਿਆਂ ਨੇ ਸਬਜ਼ੀ ਖਰੀਦ ਰਹੀ ਇੱਕ ਮਹਿਲਾ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਜਦੋਂ ਮਹਿਲਾ ਨੇ ਵਿਰੋਧ ਕੀਤਾ ਅਤੇ ਕਾਰ ਨੂੰ ਫੜ ਲਿਆ ਤਾਂ ਲੁਟੇਰਿਆਂ ਨੇ ਕਾਰ ਭਜਾ ਲਈ, ਜਿਸ ਕਾਰਨ ਮਹਿਲਾ ਕਰੀਬ 100 ਮੀਟਰ ਤੱਕ ਸੜਕ 'ਤੇ ਘਸੀਟਦੀ ਚਲੀ ਗਈ।

ਜਾਣਕਾਰੀ ਅਨੁਸਾਰ, ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਦੋ ਮਹਿਲਾਵਾਂ ਸੜਕ ਕਿਨਾਰੇ ਸਬਜ਼ੀ ਖਰੀਦ ਰਹੀਆਂ ਸਨ। ਇੱਕ ਲਾਲ ਰੰਗ ਦੀ ਆਲਟੋ ਕਾਰ (ਨੰਬਰ PB10CT8816) ਵਿਚ ਸਵਾਰ ਤਿੰਨ ਵਿਅਕਤੀ ਉੱਥੇ ਪਹੁੰਚੇ ਤੇ ਪਤਾ ਪੁੱਛਣ ਦੇ ਬਹਾਨੇ ਗੱਲਬਾਤ ਸ਼ੁਰੂ ਕੀਤੀ। ਲੁਟੇਰਿਆਂ ਨੇ ਖੁਦ ਨੂੰ ਬਾਬਾ ਦੱਸਿਆ ਅਤੇ ਮਹਿਲਾ ਦੇ ਗਹਿਣਿਆਂ ਦੀ ਤਾਰੀਫ ਕਰਦੇ ਹੋਏ ਉਸਨੂੰ ਕਾਰ ਦੇ ਕੋਲ ਬੁਲਾ ਲਿਆ। ਜਿਵੇਂ ਹੀ ਮਹਿਲਾ ਨੇੜੇ ਗਈ, ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਲੁਟੇਰੇ ਨੇ ਉਸ ਦੇ ਕੰਨਾਂ ਦੇ ਟਾਪਸ ਖਿੱਚ ਲਏ।

ਆਪਣੇ ਗਹਿਣੇ ਬਚਾਉਣ ਲਈ ਮਹਿਲਾ ਨੇ ਹਿੰਮਤ ਦਿਖਾਈ ਅਤੇ ਕਾਰ ਦੀ ਖਿੜਕੀ ਨੂੰ ਫੜ ਲਿਆ। ਪਰ ਲੁਟੇਰਿਆਂ ਨੇ ਰਹਿਮ ਦਿਖਾਉਣ ਦੀ ਬਜਾਏ ਕਾਰ ਦੀ ਰਫਤਾਰ ਤੇਜ਼ ਕਰ ਦਿੱਤੀ। ਮਹਿਲਾ ਕਰੀਬ 100 ਮੀਟਰ ਤੱਕ ਕਾਰ ਦੇ ਨਾਲ ਲਟਕ ਕੇ ਘਸੀਟਦੀ ਰਹੀ ਅਤੇ ਬਾਅਦ ਵਿਚ ਸੜਕ 'ਤੇ ਡਿੱਗ ਗਈ। ਇਸ ਹਾਦਸੇ ਵਿਚ ਮਹਿਲਾ ਦੇ ਮੂੰਹ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਜਲੰਧਰ ਦੇ ਡਿਵੀਜ਼ਨ ਨੰਬਰ 1 ਦੇ ਐੱਸ.ਐੱਚ.ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਾਰ ਦੇ ਨੰਬਰ ਅਤੇ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।