ਪੰਜਾਬ ਪੁਲਸ ਦੀ ਲੋਕ-ਕੇਂਦਰਿਤ ਪੁਲਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ : DGP

‘ਆਪਰੇਸ਼ਨ ਗੈਂਗਸਟਰਾਂ ‘ਤੇ ਵਾਰ’, ਤਕਨਾਲੋਜੀ-ਅਧਾਰਿਤ ਪੁਲਸਿੰਗ ਅਤੇ ਲੋਕ ਭਾਗੀਦਾਰੀ ਨਾਲ ਸੁਰੱਖਿਅਤ ਪੰਜਾਬ ਦੇ ਨਿਰਮਾਣ ਨੂੰ ਮਿਲ ਰਹੀ ਮਜ਼ਬੂਤੀ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਲੁਧਿਆਣਾ : ਪੰਜਾਬ ਪੁਲਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ ਨੂੰ ਹੋਰ ਮਜ਼ਬੂਤ ਕਰਦਿਆਂ ਪੂਰੇ ਸੂਬੇ ਵਿੱਚ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਆਧੁਨਿਕ ਪੁਲਸਿੰਗ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ। ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ, ਲੋਕ-ਕੇਂਦਰਿਤ ਪੁਲਸਿੰਗ ਮਾਡਲ ਦੀ ਇੱਕ ਪ੍ਰਮੁੱਖ ਮਿਸਾਲ ਵਜੋਂ ਉੱਭਰਿਆ ਹੈ; ਜਿੱਥੇ ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਨੇ ਪੁਲਸਿੰਗ, ਭਾਈਚਾਰਕ ਸ਼ਮੂਲੀਅਤ ਅਤੇ ਅਪਰਾਧ ਰੋਕਥਾਮ ਲਈ ਕੀਤੀਆਂ ਪਹਿਲਕਦਮੀਆਂ ਵਿੱਚ ਆਏ ਸਕਾਰਾਤਮਕ ਬਦਲਾਅ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਨੇ ਅਪਰਾਧ-ਮੁਕਤ ਮਾਹੌਲ ਯਕੀਨੀ ਬਣਾਉਣ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕੀਤਾ ਹੈ, ਜਿਸ ਸਦਕਾ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਪੁਲਸ ਨੂੰ ਸਰਾਹਨਾ ਮਿਲ ਰਹੀ ਹੈ। ਅਪਰਾਧੀਆਂ ਵਿਰੁੱਧ ਤੁਰੰਤ ਕਾਰਵਾਈ ਤੋਂ ਲੈ ਕੇ ਭਾਈਚਾਰਕ ਪੁਲਸਿੰਗ ਨੂੰ ਮਜ਼ਬੂਤ ਕਰਨ ਤੱਕ, ਪੁਲਸ ਬਲ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਅਤੇ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ।

ਲੁਧਿਆਣਾ ਦੇ ਉਦਯੋਗਪਤੀ ਅਨਮੋਲ ਸੂਦ ਨੇ ਕਾਰੋਬਾਰੀ ਭਾਈਚਾਰੇ 'ਤੇ ਪੁਲਸਿੰਗ ਦੇ ਸਕਾਰਾਤਮਕ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ,“ਕਾਰੋਬਾਰੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪੰਜਾਬ ਪੁਲਸ ਨੇ ਸਾਨੂੰ ਸੁਰੱਖਿਆ ਦਾ ਮਜ਼ਬੂਤ ਅਹਿਸਾਸ ਦਿੱਤਾ ਹੈ। ਮੈਨੂੰ ਇੱਕ ਘਟਨਾ ਯਾਦ ਹੈ ਜਦੋਂ ਕੁਝ ਗੈਰ-ਸਮਾਜਿਕ ਤੱਤ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪੁਲਸ ਨੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ‘ਤੇ ਕਾਰਵਾਈ ਕੀਤੀ। ਇਹ ਪੰਜਾਬ ਪੁਲਸ ਦੇ ਚੰਗੇ ਕੰਮਾਂ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਇੱਕ ਹੈ। ਲੁਧਿਆਣਾ ਵਿੱਚ ਜਿਸ ਤਰ੍ਹਾਂ ਦੀ ਭਾਈਚਾਰਕ ਪੁਲਸਿੰਗ ਕੀਤੀ ਜਾ ਰਹੀ ਹੈ, ਉਹ ਨਾ ਸਿਰਫ਼ ਸ਼ਲਾਘਾਯੋਗ ਹੈ ਸਗੋਂ ਇਸ ਦੇ ਨਤੀਜੇ ਵੀ ਲੋਕਾਂ ਲਈ ਬਹੁਤ ਲਾਭਕਾਰੀ ਹਨ।”

ਉਕਤ ਕਾਰੋਬਾਰੀ ਦੇ ਭਰਾ ਅਤੇ ਭਾਈਵਾਲ ਸੰਚਿਤ ਸੂਦ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਆਈ ਕਮੀ ਨੇ ਕਾਨੂੰਨ-ਵਿਵਸਥਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ,“ਹੁਣ ਸੂਬੇ ਵਿੱਚ ਫਿਰੌਤੀ ਲਈ ਫ਼ੋਨ ਕਾਲਾਂ ਵਰਗੀਆਂ ਘਟਨਾਵਾਂ ਸੁਣਨ ਨੂੰ ਨਹੀਂ ਮਿਲਦੀਆਂ। ਇਹ ਸਥਾਨਕ ਪੁਲਸ ਵੱਲੋਂ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਚਲਾਏ ਗਏ ਵੱਖ-ਵੱਖ ਅਭਿਆਨਾਂ ਦਾ ਨਤੀਜਾ ਹੈ। ਪੁਲਸ ਭਾਈਚਾਰਕ ਪੁਲਸਿੰਗ, ਤੁਰੰਤ ਕਾਰਵਾਈ ਅਤੇ ਲੋਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਜਿਊਣ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਾਸਤੇ ਹਰ ਸੰਭਵ ਯਤਨ ਕਰ ਰਹੀ ਹੈ।”

ਪੰਜਾਬ ਪੁਲਸ ਦੀਆਂ ਪਹਿਲਕਦਮੀਆਂ ਦੇ ਵਿਆਪਕ ਉਦੇਸ਼ਾਂ ਬਾਰੇ ਦੱਸਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ,“ਪੰਜਾਬ ਪੁਲਸ ਸੂਬੇ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਲਈ 24 ਘੰਟੇ ਸਮਰਪਿਤ ਹੈ। ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਅਸੀਂ ਸਮਾਜ ਦੇ ਹਰ ਵਰਗ ਨਾਲ ਮਜ਼ਬੂਤ ਤਾਲਮੇਲ ਵਿਕਸਤ ਕੀਤਾ ਹੈ। ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਤੋਂ ਲੈ ਕੇ ਖੁੱਲ੍ਹੇ ਸੰਵਾਦ ਪ੍ਰੋਗਰਾਮਾਂ ਤੱਕ, ਪੰਜਾਬ ਪੁਲਸ ਹਰ ਨਾਗਰਿਕ ਤੱਕ ਪਹੁੰਚ ਕੇ ਉਨ੍ਹਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੀ ਹੈ।”

ਸੂਬੇ ਵਿੱਚ ਵੱਡੇ ਪੱਧਰ 'ਤੇ ਲਗਾਤਾਰ ਨਿਵੇਸ਼ ਦਾ ਆਉਣਾ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੇ ਬਿਹਤਰ ਮਾਹੌਲ ਪ੍ਰਤੀ ਉਦਯੋਗ ਜਗਤ ਦੇ ਵਧਦਾ ਵਿਸ਼ਵਾਸ ਨੂੰ ਦਰਸਾਉਂਦਾ ਹੈ। ਪਿਛਲੇ ਇੱਕ ਸਾਲ ਦੌਰਾਨ ਪੰਜਾਬ ਨੇ 57,000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ ਅਤੇ ਦੇਸ਼ ਦੇ ਸਭ ਤੋਂ ਉੱਭਰਦੇ ਨਿਵੇਸ਼ ਕੇਂਦਰਾਂ ਵਿੱਚ ਸ਼ਾਮਲ ਹੋਇਆ ਹੈ। ਪੰਜਾਬ ਪੁਲਸ ਵੱਲੋਂ ਬਣਾਇਆ ਗਿਆ ਸੁਰੱਖਿਅਤ ਅਤੇ ਸਥਿਰ ਮਾਹੌਲ ਆਰਥਿਕ ਵਿਕਾਸ ਨੂੰ ਗਤੀ ਦੇਣ ਅਤੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸੂਬੇ ਦੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਪੱਧਰੀ ਨਿਵੇਸ਼ਕਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਨੀਦਰਲੈਂਡ ਦੇ ਦੌਰੇ ਦੌਰਾਨ ਉਨ੍ਹਾਂ ਨੇ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਐਨਐਕਸਪੀ ਸੈਮੀਕੰਡਕਟਰਜ਼ ਨੂੰ ਮੋਹਾਲੀ ਵਿੱਚ ਖੋਜ ਅਤੇ ਵਿਕਾਸ (ਆਰ ਐਂਡ ਡੀ) ਕੇਂਦਰ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤੇ ਵਿਚਾਰ ਕਰਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ, ਨਵਰਤਨ ਸੀਮਿੰਟ ਇੰਡਸਟਰੀਜ਼ ਨੇ ਰਾਜਪੁਰਾ ਦੇ ਰਾਏ ਮਾਜਰਾ ਪਿੰਡ ਵਿੱਚ ਗ੍ਰੀਨ ਸੀਮਿੰਟ ਨਿਰਮਾਣ ਇਕਾਈ ਸਥਾਪਤ ਕਰਨ ਲਈ 250 ਕਰੋੜ ਰੁਪਏ ਦੇ ਸ਼ੁਰੂਆਤੀ ਨਿਵੇਸ਼ ਦਾ ਐਲਾਨ ਕੀਤਾ ਹੈ। 

ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ (ਐਲਐਚਟੀਏ) ਦੇ ਪ੍ਰਧਾਨ ਸੁਭਾਸ਼ ਚੰਦਰ ਰਲਹਾਣ ਨੇ ਕਿਹਾ ਕਿ ਪੰਜਾਬ ਪੁਲਸ ਦੀ ਤੁਰੰਤ ਪ੍ਰਤੀਕਿਰਿਆ ਨੇ ਨਾਗਰਿਕਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ,“ਸਾਡੇ ਕੋਲ ਸੈਂਕੜੇ ਲੋਕ ਕੰਮ ਕਰਦੇ ਹਨ ਅਤੇ ਹਰ ਕਿਸੇ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਆਸਾਨ ਨਹੀਂ ਹੁੰਦਾ। ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਅਸੀਂ ਆਪਣੇ ਇਲਾਕੇ ਵਿੱਚ ਅਪਰਾਧਕ ਘਟਨਾਵਾਂ‘ਤੇ ਰੋਕ ਲਈ ਵਾਧੂ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਪੁਲਸ ਨੇ ਬਹੁਤ ਘੱਟ ਸਮੇਂ ਵਿੱਚ ਸਮੱਸਿਆ ਦਾ ਹੱਲ ਕੀਤਾ। ਅਜਿਹੀ ਤੁਰੰਤ ਕਾਰਵਾਈ ਲੋਕਾਂ ਦਾ ਪੁਲਸ 'ਤੇ ਪੂਰਾ ਭਰੋਸਾ ਕਾਇਮ ਕਰਨ ਲਈ ਕਾਫ਼ੀ ਹੈ।”

ਲਗਭਗ ਚਾਰ ਦਹਾਕਿਆਂ ਤੋਂ ਲੁਧਿਆਣਾ ਵਿੱਚ ਕਾਰੋਬਾਰ ਕਰ ਰਹੇ ਉਦਯੋਗਪਤੀ ਅਰੁਣ ਸ਼ਰਮਾ ਨੇ ਵੀ ਪੁਲਸਿੰਗ ਵਿੱਚ ਆਏ ਬਦਲਾਅ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਮੈਂ ਸੂਬੇ ਦੇ ਮੁਸ਼ਕਲ ਅਤੇ ਚੰਗੇ ਦੋਵੇਂ ਦੌਰ ਵੇਖੇ ਹਨ, ਪਰ ਮੌਜੂਦਾ ਪੁਲਸਿੰਗ ਪ੍ਰਣਾਲੀ ਵਾਕਈ ਸ਼ਲਾਘਾਯੋਗ ਹੈ। ਕਿਸੇ ਸਮੱਸਿਆ ਨੂੰ ਲੈ ਕੇ ਪੁਲਸ ਕੋਲ ਜਾਣ ਦਾ ਡਰ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਦੀ ਪ੍ਰਕਿਰਿਆ ਲੋਕਾਂ ਲਈ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ।”

ਤਕਨਾਲੋਜੀ-ਅਧਾਰਿਤ ਪੁਲਸਿੰਗ ਨੂੰ ਹੋਰ ਮਜ਼ਬੂਤ ਕਰਦਿਆਂ ਪੰਜਾਬ ਪੁਲਸ ਨੇ ਹਾਲ ਹੀ ਵਿੱਚ ਲੁਧਿਆਣਾ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਸ਼ੁਰੂ ਕੀਤਾ ਹੈ। ਇਹ ਕੇਂਦਰ ਟ੍ਰੈਫਿਕ ਨਿਗਰਾਨੀ, ਪੁਲਸ ਕੰਟਰੋਲ ਰੂਮ ਸੰਚਾਲਨ ਅਤੇ ਨਿਗਰਾਨੀ ਪ੍ਰਣਾਲੀਆਂ ਦਾ ਇੱਕ ਹੀ ਛੱਤ ਹੇਠ ਪ੍ਰਬੰਧਨ ਕਰਦਾ ਹੈ, ਜਿਸ ਨਾਲ ਪ੍ਰਤੀਕਿਰਿਆ ਸਮੇਂ ਵਿੱਚ ਤੇਜ਼ੀ ਆਈ ਹੈ ਅਤੇ ਜਾਂਚ ਸਮਰੱਥਾਵਾਂ ਵਿੱਚ ਵੀ ਸੁਧਾਰ ਹੋਇਆ ਹੈ।

ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਸ ਬਲ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਲੋਕ ਸੰਪਰਕ ਅਤੇ ਸਰਗਰਮ ਪੁਲਸਿੰਗ ਉਪਰਾਲਿਆਂ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ,“ਪੰਜਾਬ ਪੁਲਸ ਦੇਸ਼ ਦੇ ਸਭ ਤੋਂ ਬਹਾਦਰ ਪੁਲਸ ਬਲਾਂ ਵਿੱਚੋਂ ਇੱਕ ਹੈ, ਜੋ ਲੋਕ ਭਲਾਈ ਲਈ ਸਮਰਪਿਤ ਹੈ। ਪੂਰਾ ਪੁਲਸ ਬਲ ਚੌਵੀ ਘੰਟੇ ਕੰਮ ਕਰਦਾ ਹੈ ਅਤੇ ਅਸੀਂ ‘ਸੁਰੱਖਿਅਤ ਪੰਜਾਬ, ਸਫਲ ਪੰਜਾਬ’ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਆਪਕ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ। ਆਧੁਨਿਕ ਪੁਲਸਿੰਗ ਵਿੱਚ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਨਾਗਰਿਕਾਂ ਵੱਲੋਂ ਸਭ ਤੋਂ ਵੱਡਾ ਯੋਗਦਾਨ ਸਮੇਂ ਸਿਰ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਜਿਵੇਂ ਹੀ ਕੋਈ ਜਾਣਕਾਰੀ ਮਿਲਦੀ ਹੈ, ਪੁਲਸ ਤੁਰੰਤ ਕਾਰਵਾਈ ਕਰਦੀ ਹੈ।”

ਲੋਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,“ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਅਸੀਂ ਨਾਗਰਿਕਾਂ ਨਾਲ ਖੁੱਲ੍ਹੇ ਸੰਵਾਦ ਦੀ ਪਹਿਲ ਕੀਤੀ ਹੈ। ਪੁਲਸ ਵੱਲੋਂ ਮੋਰਚਿਆਂ, ਸਕੂਲਾਂ, ਡਾਕਟਰਾਂ, ਕਾਰੋਬਾਰੀਆਂ, ਗੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼) ਅਤੇ ਹੋਰ ਕਈ ਵਰਗਾਂ ਨਾਲ ਨਿਯਮਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਪਸੀ ਸੰਚਾਰ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕੇ। ਲੋਕਾਂ ਤੋਂ ਮਿਲਣ ਵਾਲਾ ਫੀਡਬੈਕ ਸਾਨੂੰ ਹਰ ਦਿਨ ਆਪਣੇ ਕੰਮਕਾਜ ਵਿੱਚ ਹੋਰ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।”

ਸੰਗਠਿਤ ਅਪਰਾਧ ਵਿਰੁੱਧ ਪੰਜਾਬ ਪੁਲਸ ਦੀ ਮੁਹਿੰਮ ਨੂੰ ਵੀ ਮਹੱਤਵਪੂਰਨ ਸਫ਼ਲਤਾ ਮਿਲੀ ਹੈ। ਸਰਹੱਦੀ ਸੂਬਾ ਹੋਣ ਦੀਆਂ ਚੁਣੌਤੀਆਂ ਦੇ ਬਾਵਜੂਦ ਪੁਲਸ ਨੇ ‘ਆਪਰੇਸ਼ਨ ਗੈਂਗਸਟਰਾਂ ‘ਤੇ ਵਾਰ’ ਰਾਹੀਂ ਅਪਰਾਧਿਕ ਗਿਰੋਹਾਂ 'ਤੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਗੈਂਗਸਟਰ ਨੈੱਟਵਰਕਾਂ ਨੂੰ ਤੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਕਾਰਵਾਈ ਦੇ ਵਿਆਪਕ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਸਵਪਨ ਸ਼ਰਮਾ ਨੇ ਕਿਹਾ,“ਗੈਂਗਸਟਰ ਖ਼ੁਦ ਤਾਂ ਸੁਰੱਖਿਅਤ ਠਿਕਾਣਿਆਂ 'ਤੇ ਬੈਠੇ ਰਹਿੰਦੇ ਹਨ ਜਦਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਗ਼ੈਰ-ਕਾਨੂੰਨੀ ਕੰਮਾਂ ਲਈ ਵਰਤਣ ਵਾਸਤੇ ਗੁੰਮਰਾਹ ਕਰਦੇ ਹਨ। ਪਿਛਲੇ ਚਾਰ ਮਹੀਨਿਆਂ ਦੌਰਾਨ ਪੰਜਾਬ ਪੁਲਸ ਨੇ ਅਪਰਾਧੀਆਂ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਹੈ। ਮੇਰੀ ਨੌਜਵਾਨਾਂ ਨੂੰ ਸਲਾਹ ਹੈ ਕਿ ਉਹ ਪੜ੍ਹਾਈ ਕਰਨ, ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਵੱਲ ਧਿਆਨ ਦੇਣ। ਇਸ ਮੁਹਿੰਮ ਨੇ ਸੂਬੇ ਦੇ ਲੋਕਾਂ ਅਤੇ ਪੁਲਸ ਦਰਮਿਆਨ ਭਰੋਸੇ ਦੇ ਰਿਸ਼ਤੇ ਨੂੰ ਮੁੜ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ। ਇਹ ਮੁਹਿੰਮ ਸਿਰਫ਼ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਨਾਲ ਪੰਜਾਬ ਪੁਲਸ ਦੀਆਂ ਖੁਫ਼ੀਆ ਅਤੇ ਨਿਗਰਾਨੀ ਸਮਰੱਥਾਵਾਂ ਵੀ ਹੋਰ ਮਜ਼ਬੂਤ ਹੋਈਆਂ ਹਨ ਅਤੇ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਵੀ ਵਧੀ ਹੈ।”