ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਫੌਜ ਨੇ ਭੇਜਿਆ ਵਾਪਸ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LoC) ਪਾਰ ਕਰਕੇ ਅਣਜਾਣੇ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਛੇ ਦਿਨਾਂ ਬਾਅਦ ਸੁਰੱਖਿਅਤ ਵਾਪਸ ਭੇਜ ਦਿੱਤਾ ਗਿਆ ਹੈ।
ਕੁਪਵਾੜਾ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LoC) ਪਾਰ ਕਰਕੇ ਅਣਜਾਣੇ ਵਿੱਚ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਛੇ ਦਿਨਾਂ ਬਾਅਦ ਸੁਰੱਖਿਅਤ ਵਾਪਸ ਭੇਜ ਦਿੱਤਾ ਗਿਆ ਹੈ।

ਵਿਅਕਤੀ ਦੀ ਪਛਾਣ ਅਸਦ ਖਾਨ ਵਜੋਂ ਹੋਈ ਹੈ, ਜੋ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦਾ ਵਾਸੀ ਹੈ। ਅਸਦ ਖਾਨ 12 ਜੂਨ ਨੂੰ ਗਲਤੀ ਨਾਲ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਕੁਪਵਾੜਾ ਦੇ ਸਿਮਾਰੀ ਪਿੰਡ ਵਿੱਚ ਸੁਰੱਖਿਆ ਫੋਰਸਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ। ਫੌਜ ਦੀ ਚਿਨਾਰ ਕੋਰ ਨੇ ਜਾਣਕਾਰੀ ਦਿੱਤੀ ਕਿ ਲੋੜੀਂਦੀ ਰਸਮੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, 18 ਜੂਨ 2026 ਨੂੰ ਉਸਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਫੌਜ ਅਨੁਸਾਰ, ਭਾਰਤ ਵਿੱਚ ਹਿਰਾਸਤ ਦੌਰਾਨ ਅਸਦ ਖਾਨ ਨਾਲ ਮਨੁੱਖੀ ਕਦਰਾਂ-ਕੀਮਤਾਂ ਦੇ ਅਨੁਕੂਲ ਬਹੁਤ ਹੀ ਸਨਮਾਨਜਨਕ ਅਤੇ ਸੰਵੇਦਨਸ਼ੀਲ ਵਿਹਾਰ ਕੀਤਾ ਗਿਆ। ਭਾਰਤੀ ਫੌਜ ਨੇ ਕਿਹਾ ਹੈ ਕਿ ਇਹ ਕਦਮ ਉਹਨਾਂ ਦੀ ਮਨੁੱਖਤਾ, ਹਮਦਰਦੀ ਅਤੇ ਅੰਤਰਰਾਸ਼ਟਰੀ ਮਨੁੱਖੀ ਮਿਆਰਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸਦ ਦੀ ਸੁਰੱਖਿਅਤ ਵਾਪਸੀ ਭਾਰਤੀ ਫੌਜ ਦੀਆਂ ਉੱਚਤਮ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰੀ ਦੀ ਪਾਲਣਾ ਦਾ ਪ੍ਰਤੀਕ ਹੈ।