ਵੱਡੀ ਭੈਣ ਹੀ ਨਿਕਲੀ ਛੋਟੀ ਭੈਣ ਦੀ ਦੁਸ਼ਮਣ! ਕਰ'ਤਾ ਇਹ ਕਾਰਾ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੀ ਛੋਟੀ ਭੈਣ ਦੇ 9 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਲਿਆ ਅਤੇ 7 ਲੱਖ ਰੁਪਏ 'ਚ ਵੇਚ ਦਿੱਤਾ।

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੀ ਛੋਟੀ ਭੈਣ ਦੇ 9 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਲਿਆ ਅਤੇ 7 ਲੱਖ ਰੁਪਏ 'ਚ ਵੇਚ ਦਿੱਤਾ। ਇਸ ਸਨਸਨੀਖੇਜ਼ ਖੁਲਾਸੇ 'ਚ ਪੁਲਸ ਨੇ ਔਰਤ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ।

ਵੱਡੀ ਭੈਣ ਨੇ ਬੱਚਾ ਅਗਵਾ ਕਰ ਕੇ ਵੇਚਿਆ

ਮਾਮਲਾ ਦੁਰਗ ਦੇ ਕਸਾਰੀਡੀਹ ਦਾ ਹੈ। ਇੱਥੇ ਰਹਿਣ ਵਾਲੀ ਪੀੜਤ ਸੁਖਰੀਨ ਬਾਈ ਨੇ ਮਹਿਲਾ ਪੁਲਸ ਸਟੇਸ਼ਨ ਸੈਕਟਰ-06 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਵੱਡੀ ਭੈਣ ਸੰਗਨੀ ਬਾਈ, ਜੋ ਪਟਨਾ ਦੇ ਇੱਕ ਆਰਕੈਸਟਰਾ 'ਚ ਨੱਚਦੀ ਹੈ, ਨੇ ਉਸ ਨੂੰ ਜੂਨ ਦੇ ਮਹੀਨੇ ਵਿੱਚ ਆਪਣੇ ਪੁੱਤਰ ਨਾਲ ਪਟਨਾ ਬੁਲਾਇਆ ਸੀ।ਉਹ ਪੰਜ ਦਿਨ ਉੱਥੇ ਰਹੀ। ਜੁਲਾਈ 'ਚ ਸੰਗਨੀ ਅਤੇ ਉਸ ਦਾ ਪ੍ਰੇਮੀ ਸੰਤੋਸ਼ ਉਸ ਨੂੰ ਦਾਨਾਪੁਰ ਰੇਲਵੇ ਸਟੇਸ਼ਨ 'ਤੇ ਛੱਡਣ ਆਏ। ਸਟੇਸ਼ਨ 'ਤੇ, ਉਨ੍ਹਾਂ ਨੇ ਬੱਚੇ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਅਤੇ ਖਾਣਾ ਲਿਆਉਣ ਦਾ ਬਹਾਨਾ ਬਣਾ ਕੇ ਗਾਇਬ ਹੋ ਗਏ।

ਜਦੋਂ ਪੀੜਤਾ ਦੁਰਗ ਵਾਪਸ ਆਈ ਅਤੇ ਆਪਣੇ ਪਤੀ ਨੂੰ ਘਟਨਾ ਬਾਰੇ ਦੱਸਿਆ, ਤਾਂ ਭਿਲਾਈ ਦੇ ਮਹਿਲਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਸੰਤੋਸ਼ ਪਾਲ ਦੀ ਮੋਬਾਈਲ ਲੋਕੇਸ਼ਨ ਨੂੰ ਟ੍ਰੈਕ ਕੀਤਾ।

ਪਟਨਾ ਤੋਂ ਮੁਲਜ਼ਮ ਗ੍ਰਿਫ਼ਤਾਰ

ਪੁੱਛਗਿੱਛ ਦੌਰਾਨ ਮੁਲਜ਼ਮ ਸੰਗਨੀ ਬਾਈ, ਸੰਤੋਸ਼ ਪਾਲ, ਪ੍ਰਦੀਪ ਕੁਮਾਰ ਅਤੇ ਡਾਕਟਰ ਬਾਦਲ ਉਰਫ਼ ਮਿਥਲੇਸ਼ ਦੇ ਨਾਮ ਸਾਹਮਣੇ ਆਏ। ਇਸ ਦੇ ਨਾਲ ਹੀ ਹਰਿਆਣਾ ਦੀ ਰਹਿਣ ਵਾਲੀ ਸੇਵਾਮੁਕਤ ਐਫਸੀਆਈ ਚਪੜਾਸੀ ਗੌਰੀ ਮਹਾਤੋ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ।ਜਾਂਚ ਵਿੱਚ ਪਤਾ ਲੱਗਾ ਕਿ ਸੰਗਨੀ ਬਾਈ ਨੇ ਆਪਣੀ ਭੈਣ ਦੇ ਪੁੱਤਰ ਨੂੰ ਅਗਵਾ ਕਰਕੇ ਪ੍ਰਦੀਪ ਨੂੰ ਸੌਂਪ ਦਿੱਤਾ ਸੀ। ਪ੍ਰਦੀਪ ਨੇ ਬੱਚੇ ਨੂੰ ਡਾਕਟਰ ਬਾਦਲ ਨੂੰ ਸੌਂਪ ਦਿੱਤਾ। ਇਸ ਤੋਂ ਬਾਅਦ, ਬੱਚੇ ਨੂੰ ਗੌਰੀ ਮਹਾਤੋ ਨੂੰ 7 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ। ਗੌਰੀ ਮਹਾਤੋ ਦੇ ਕੋਈ ਬੱਚਾ ਨਹੀਂ ਸੀ ਅਤੇ ਉਸ ਨੇ ਜਾਇਦਾਦ ਦੇ ਵਿਵਾਦ 'ਚ ਵਾਰਸ ਦੀ ਲੋੜ ਕਾਰਨ ਇਹ ਸੌਦਾ ਕੀਤਾ ਸੀ।