ਕੰਗਨਾ ਰਣੌਤ ਮਾਨਹਾਨੀ ਕੇਸ 'ਚ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਬਹਿਸ

ਬਾਲੀਵੁੱਡ ਅਦਾਕਾਰਾ ਅਤੇ ਮੌਜੂਦਾ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਮਾਮਲੇ ਦੀ ਸੁਣਵਾਈ ਟਲ ਗਈ ਹੈ। ਸਥਾਨਕ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 3 ਅਗਸਤ ਦੀ ਤਾਰੀਖ ਤੈਅ ਕੀਤੀ ਹੈ।
ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਮੌਜੂਦਾ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਮਾਮਲੇ ਦੀ ਸੁਣਵਾਈ ਟਲ ਗਈ ਹੈ। ਸਥਾਨਕ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 3 ਅਗਸਤ ਦੀ ਤਾਰੀਖ ਤੈਅ ਕੀਤੀ ਹੈ।

ਹੜਤਾਲ ਕਾਰਨ ਗਵਾਹ ਨਹੀਂ ਹੋ ਸਕੇ ਪੇਸ਼
ਬੀਬੀ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਅਨੁਸਾਰ, ਅਦਾਲਤ ਨੇ ਅੱਜ ਬੀਬੀ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪੋਤੇ ਗੁਰਪ੍ਰੀਤ ਸਿੰਘ ਨੂੰ ਗਵਾਹੀ ਪੇਸ਼ ਕਰਨ ਲਈ ਬੁਲਾਇਆ ਸੀ। ਹਾਲਾਂਕਿ, ਵਕੀਲਾਂ ਦੀ ਹੜਤਾਲ ਕਾਰਨ ਅੱਜ ਗਵਾਹਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਅਗਲੀ ਸੁਣਵਾਈ ਦੌਰਾਨ ਗਵਾਹਾਂ ਨੂੰ ਪੇਸ਼ ਕਰਨ ਤੋਂ ਇਲਾਵਾ ਕੰਗਨਾ ਰਣੌਤ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ 'ਤੇ ਵੀ ਬਹਿਸ ਹੋਣ ਦੀ ਉਮੀਦ ਹੈ।

ਕਿਸਾਨ ਅੰਦੋਲਨ ਨਾਲ ਜੁੜਿਆ ਹੈ ਸਾਰਾ ਮਾਮਲਾ
ਇਹ ਮਾਨਹਾਨੀ ਦਾ ਮਾਮਲਾ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਵਿਰੁੱਧ ਹੋਏ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਖਿਲਾਫ ਇਹ ਮੁਕੱਦਮਾ ਦਾਇਰ ਕੀਤਾ ਸੀ। ਮਹਿੰਦਰ ਕੌਰ ਦਾ ਦੋਸ਼ ਹੈ ਕਿ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਸੀ ਕਿ ਅਜਿਹੀਆਂ ਔਰਤਾਂ ਧਰਨੇ ਵਿੱਚ 100-100 ਰੁਪਏ ਲੈ ਕੇ ਆਉਂਦੀਆਂ ਹਨ।

ਸੁਪਰੀਮ ਕੋਰਟ ਤੋਂ ਵੀ ਨਹੀਂ ਮਿਲੀ ਰਾਹਤ
ਕੰਗਨਾ ਰਣੌਤ ਨੇ ਇਸ ਕੇਸ ਨੂੰ ਖਤਮ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਸਿਖਰਲੀ ਅਦਾਲਤ ਨੇ ਉਨ੍ਹਾਂ ਦੀ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਸੀ। ਇਸ ਕਾਰਨ ਹੁਣ ਬਠਿੰਡਾ ਦੀ ਹੇਠਲੀ ਅਦਾਲਤ ਵਿੱਚ ਇਸ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਨਿਰੰਤਰ ਜਾਰੀ ਹੈ।