ਪਠਾਨਕੋਟ 'ਚ ਭਾਰੀ ਮੀਂਹ ਦਾ ਕਹਿਰ! 8 ਫੁੱਟ ਪਾਣੀ 'ਚ ਫਸੀ ਸ਼ਰਧਾਲੂਆਂ ਦੀ ਬੱਸ

ਪੰਜਾਬ ਤੇ ਚੰਡੀਗੜ੍ਹ ਵਿਚ ਮਾਨਸੂਨ ਦੇ ਸਰਗਰਮ ਹੋਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਭਾਰੀ ਬਾਰਿਸ਼ ਮੁਸੀਬਤ ਵੀ ਬਣ ਰਹੀ ਹੈ। ਪਠਾਨਕੋਟ ਵਿਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ-44 'ਤੇ ਸੁਜਾਨਪੁਰ ਵਿਖੇ ਵੀਰਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਟੂਰਿਸਟ ਬੱਸ ਪਾਣੀ ਦੇ ਤੇਜ਼ ਵਹਾਅ ਕਾਰਨ ਰੇਲਵੇ ਅੰਡਰਪਾਸ ਵਿਚ ਫਸ ਗਈ।
ਪਠਾਨਕੋਟ/ਸੁਜਾਨਪੁਰ : ਪੰਜਾਬ ਤੇ ਚੰਡੀਗੜ੍ਹ ਵਿਚ ਮਾਨਸੂਨ ਦੇ ਸਰਗਰਮ ਹੋਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਭਾਰੀ ਬਾਰਿਸ਼ ਮੁਸੀਬਤ ਵੀ ਬਣ ਰਹੀ ਹੈ। ਪਠਾਨਕੋਟ ਵਿਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ-44 'ਤੇ ਸੁਜਾਨਪੁਰ ਵਿਖੇ ਵੀਰਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਟੂਰਿਸਟ ਬੱਸ ਪਾਣੀ ਦੇ ਤੇਜ਼ ਵਹਾਅ ਕਾਰਨ ਰੇਲਵੇ ਅੰਡਰਪਾਸ ਵਿਚ ਫਸ ਗਈ।

ਰੇਲਵੇ ਅੰਡਰਪਾਸ ਵਿਚ ਫਸੀ ਬੱਸ
ਜਾਣਕਾਰੀ ਅਨੁਸਾਰ ਇਹ ਟੂਰਿਸਟ ਬੱਸ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੀ। ਸੁਜਾਨਪੁਰ ਦੇ ਰੇਲਵੇ ਅੰਡਰਪਾਸ (ਪੁਲ ਨੰਬਰ-3) ਦੇ ਹੇਠਾਂ ਬੱਸ ਲਗਭਗ 8 ਫੁੱਟ ਪਾਣੀ ਵਿੱਚ ਫਸ ਗਈ। ਬੱਸ ਵਿੱਚ 13 ਬੱਚਿਆਂ ਸਮੇਤ ਕੁੱਲ 55 ਸ਼ਰਧਾਲੂ ਸਵਾਰ ਸਨ। ਪਾਣੀ ਦਾ ਪੱਧਰ ਤੇਜ਼ੀ ਨਾਲ ਵਧਦਾ ਦੇਖ ਯਾਤਰੀਆਂ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਉਹ ਬੁਰੀ ਤਰ੍ਹਾਂ ਘਬਰਾ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF), ਸਥਾਨਕ ਪੁਲਸ ਤੇ ਇਲਾਕੇ ਦੇ ਨੌਜਵਾਨ ਤੁਰੰਤ ਮੌਕੇ 'ਤੇ ਪਹੁੰਚੇ। ਸਾਰਿਆਂ ਨੇ ਮਿਲ ਕੇ ਇੱਕ ਸਾਂਝਾ ਬਚਾਅ ਅਭਿਆਨ ਚਲਾਇਆ ਅਤੇ ਭਾਰੀ ਮਿਹਨਤ ਤੋਂ ਬਾਅਦ ਬੱਸ ਵਿਚ ਸਵਾਰ ਸਾਰੇ 55 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਹਿਮਾਚਲ ਵਿਚ ਤਬਾਹੀ ਤੇ ਮੌਸਮ ਦਾ ਅਲਰਟ
ਮੀਂਹ ਦਾ ਕਹਿਰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੇ ਰਿੱਬਾ ਵਿਚ ਵੀ ਹੜ੍ਹ (ਫਲੈਸ਼ ਫਲੱਡ) ਆਉਣ ਕਾਰਨ ਕਈ ਗੱਡੀਆਂ ਮਲਬੇ ਹੇਠ ਦੱਬੀਆਂ ਗਈਆਂ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਪੰਜਾਬ ਅਤੇ ਚੰਡੀਗੜ੍ਹ ਵਿਚ ਅਗਲੇ ਪੰਜ ਦਿਨਾਂ ਤੱਕ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਵੱਲੋਂ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਨੂੰ ਲੈ ਕੇ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ।

ਦੇਰੀ ਨਾਲ ਪਹੁੰਚਿਆ ਮਾਨਸੂਨ
ਜ਼ਿਕਰਯੋਗ ਹੈ ਕਿ ਇਸ ਸਾਲ ਮਾਨਸੂਨ ਨੇ 1 ਜੁਲਾਈ ਨੂੰ ਪੰਜਾਬ ਤੇ ਚੰਡੀਗੜ੍ਹ ਵਿਚ ਦਸਤਕ ਦਿੱਤੀ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿਚ 9 ਦਿਨ ਅਤੇ ਚੰਡੀਗੜ੍ਹ ਵਿਚ 7 ਦਿਨ ਦੇਰੀ ਨਾਲ ਪਹੁੰਚਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।