ਭਾਰਤ 'ਚ ‘ਸਪਾਈਡਰਮੈਨ’ ਦਾ ਧਮਾਕਾ! 2 ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ, ਕਈ ਵੱਡੇ ਰਿਕਾਰਡ ਟੁੱਟੇ

ਹਾਲੀਵੁੱਡ ਸੁਪਰਹੀਰੋ ਸਪਾਈਡਰਮੈਨ ਦਾ ਜਾਦੂ ਭਾਰਤੀ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਟੌਮ ਹੌਲੈਂਡ ਸਟਾਰਰ ਨਵੀਂ ਫ਼ਿਲਮ 'ਸਪਾਈਡਰਮੈਨ: ਬ੍ਰੈਂਡ ਨਿਊ ਡੇ' ਨੇ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਵਿੱਚ ਹੀ ਭਾਰਤੀ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਨਵੀਂ ਦਿੱਲੀ : ਹਾਲੀਵੁੱਡ ਸੁਪਰਹੀਰੋ ਸਪਾਈਡਰਮੈਨ ਦਾ ਜਾਦੂ ਭਾਰਤੀ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਟੌਮ ਹੌਲੈਂਡ ਸਟਾਰਰ ਨਵੀਂ ਫ਼ਿਲਮ 'ਸਪਾਈਡਰਮੈਨ: ਬ੍ਰੈਂਡ ਨਿਊ ਡੇ' ਨੇ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਵਿੱਚ ਹੀ ਭਾਰਤੀ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਭਾਰਤ ਵਿੱਚ ਹਾਲੀਵੁੱਡ ਫ਼ਿਲਮਾਂ ਦੇ ਕਈ ਪੁਰਾਣੇ ਰਿਕਾਰਡ ਮਾਤ ਪਾ ਦਿੱਤੇ ਹਨ।

'ਐਵੇਂਜਰਜ਼: ਐਂਡਗੇਮ' ਦਾ ਰਿਕਾਰਡ ਵੀ ਤੋੜਿਆ
ਮਾਰਵਲ ਸਿਨੇਮੈਟਿਕ ਯੂਨੀਵਰਸ (MCU) ਦੀ ਇਸ ਫ਼ਿਲਮ ਨੇ ਆਪਣੀ ਹੀ ਫ਼ਰੈਂਚਾਇਜ਼ੀ ਦੀਆਂ ਪੁਰਾਣੀਆਂ ਫ਼ਿਲਮਾਂ ਦੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਫ਼ਿਲਮ ਨੇ ਪਹਿਲੇ ਦਿਨ ਭਾਰਤ ਵਿੱਚ 60.60 ਕਰੋੜ ਰੁਪਏ ਦਾ ਸ਼ਾਨਦਾਰ ਨੈੱਟ ਕਲੈਕਸ਼ਨ ਕੀਤਾ, ਜਿਸ ਨਾਲ ਇਸ ਨੇ 'ਐਵੇਂਜਰਜ਼: ਐਂਡਗੇਮ' ਦੇ ਪਹਿਲੇ ਦਿਨ ਦੀ ਕਮਾਈ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਦੂਜੇ ਦਿਨ ਫ਼ਿਲਮ ਨੇ 49.35 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਦੋ ਦਿਨਾਂ ਦੀ ਕੁੱਲ ਕਮਾਈ 109.95 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਸਭ ਤੋਂ ਤੇਜ਼ੀ ਨਾਲ 100 ਕਰੋੜ ਕਮਾਉਣ ਵਾਲੀ ਹਾਲੀਵੁੱਡ ਫ਼ਿਲਮ
ਟੌਮ ਹੌਲੈਂਡ ਦੀ ਇਹ ਫ਼ਿਲਮ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ 100 ਕਰੋੜ ਰੁਪਏ ਕਮਾਉਣ ਵਾਲੀ ਹਾਲੀਵੁੱਡ ਫ਼ਿਲਮ ਬਣ ਗਈ ਹੈ। ਜਿੱਥੇ 'ਐਵੇਂਜਰਜ਼: ਐਂਡਗੇਮ' (2019) ਨੇ ਇਹ ਅੰਕੜਾ ਛੂਹਣ ਲਈ ਤਿੰਨ ਦਿਨ ਲਏ ਸਨ, ਉੱਥੇ ਹੀ ਸਪਾਈਡਰਮੈਨ ਨੇ ਇਹ ਕਾਰਨਾਮਾ ਸਿਰਫ਼ ਦੋ ਦਿਨਾਂ ਵਿੱਚ ਹੀ ਕਰ ਦਿਖਾਇਆ ਹੈ।

250 ਕਰੋੜ ਦੇ ਅੰਕੜੇ ਵੱਲ ਵਧਦੀ ਫ਼ਿਲਮ
ਬਾਕਸ ਆਫਿਸ ਮਾਹਿਰਾਂ ਅਨੁਸਾਰ, ਜਿਸ ਰਫ਼ਤਾਰ ਨਾਲ ਫ਼ਿਲਮ ਕਮਾਈ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪਹਿਲੇ ਵੀਕੈਂਡ ਦੇ ਅੰਤ ਤੱਕ 250 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕਰ ਲਵੇਗੀ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਭਾਰਤ ਵਿੱਚ ਸਪਾਈਡਰਮੈਨ ਫ਼ਰੈਂਚਾਇਜ਼ੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਆਈ 'ਸਪਾਈਡਰਮੈਨ: ਨੋ ਵੇ ਹੋਮ' ਨੇ ਭਾਰਤ ਵਿੱਚ 212 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਦਰਸ਼ਕਾਂ ਵਿੱਚ ਭਾਰੀ ਉਤਸ਼ਾਹ
ਟੌਮ ਹੌਲੈਂਡ ਦੇ ਸਪਾਈਡਰਮੈਨ ਨੂੰ ਲੈ ਕੇ ਭਾਰਤੀ ਪ੍ਰਸ਼ੰਸਕਾਂ ਵਿੱਚ ਇੰਨਾ ਜ਼ਿਆਦਾ ਕ੍ਰੇਜ਼ ਦੇਖਿਆ ਜਾ ਰਿਹਾ ਹੈ ਕਿ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਸੈਲਾਬ ਉਮੜ ਰਿਹਾ ਹੈ। ਭਾਵੇਂ ਕਿ ਫ਼ਿਲਮ ਵਰਕਿੰਗ ਡੇਅ (ਬੁੱਧਵਾਰ) ਨੂੰ ਰਿਲੀਜ਼ ਹੋਈ ਸੀ, ਫਿਰ ਵੀ ਇਸ ਦੇ ਕਲੈਕਸ਼ਨ 'ਤੇ ਕੋਈ ਵੱਡਾ ਅਸਰ ਨਹੀਂ ਦੇਖਿਆ ਗਿਆ ਅਤੇ ਦੂਜੇ ਦਿਨ ਸਿਨੇਮਾਘਰਾਂ ਵਿੱਚ 64.8% ਦੀ ਆਕੂਪੈਂਸੀ ਦਰਜ ਕੀਤੀ ਗਈ।