ਪੰਜਾਬ ਕਾਂਗਰਸ 'ਚ ਚਰਚਾ ਤੇਜ਼: ਨਵਜੋਤ ਸਿੰਘ ਸਿੱਧੂ ਦੀ ਐਂਟਰੀ, ਪ੍ਰਿਅੰਕਾ ਗਾਂਧੀ ਨਾਲ ਕਰਣਗੇ ਮੁਲਾਕਾਤ

ਪੰਜਾਬ ਕਾਂਗਰਸ ਵਿੱਚ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਛਿੜੀ ਖਿੱਚੋਤਾਣ ਹੁਣ ਹੋਰ ਵੀ ਗਹਿਰੀ ਹੋ ਗਈ ਹੈ। ਹੁਣ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੀ ਐਂਟਰੀ ਕਰ ਲਈ ਹੈ।
ਪੰਜਾਬ ਕਾਂਗਰਸ ਵਿੱਚ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਛਿੜੀ ਖਿੱਚੋਤਾਣ ਹੁਣ ਹੋਰ ਵੀ ਗਹਿਰੀ ਹੋ ਗਈ ਹੈ। ਹੁਣ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵੀ ਐਂਟਰੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਿੱਧੂ ਨੇ ਪਾਰਟੀ ਹਾਈਕਮਾਨ ਨਾਲ ਸੰਪਰਕ ਕੀਤਾ ਹੈ ਅਤੇ ਉਹ ਪ੍ਰਿਅੰਕਾ ਗਾਂਧੀ ਨਾਲ ਮਿਲਣ ਲਈ ਸਮਾਂ ਮੰਗ ਰਹੇ ਹਨ ਤਾਂ ਕਿ ਆਪਣਾ ਪੱਖ ਸਿੱਧਾ ਰੱਖ ਸਕਣ।

ਡਾ. ਨਵਜੋਤ ਕੌਰ ਸਿੱਧੂ ਵੱਲੋਂ “ਮੁੱਖ ਮੰਤਰੀ ਬਣਨ ਲਈ 500 ਕਰੋੜ ਦੀ ਅਟੈਚੀ” ਬਾਰੇ ਦਿੱਤੇ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਕਾਫ਼ੀ ਹਲਚਲ ਮੱਚੀ ਹੋਈ ਹੈ। ਪਹਿਲਾਂ ਉਹਨਾਂ ਆਪਣੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਗੱਲ ਕਹੀ ਸੀ, ਪਰ ਕਾਂਗਰਸੀ ਆਗੂਆਂ ਦੁਆਰਾ ਕੀਤੀ ਗਈ ਤਿੱਖੀ ਚਰਚਾ ਦੇ ਜਵਾਬ ਵਿੱਚ ਉਹਨਾਂ ਨੇ ਵੀ ਪਾਰਟੀ ਦੇ ਵੱਡੇ ਨੇਤਾਵਾਂ ਖ਼ਿਲਾਫ਼ ਗੰਭੀਰ ਦੋਸ਼ ਲਗਾ ਦਿੱਤੇ।

ਇਸ ਮਾਮਲੇ ਨੂੰ ਹਾਈਕਮਾਨ ਵੱਲੋਂ ਸੰਜ਼ੀਦਗੀ ਨਾਲ ਲਿਆ ਗਿਆ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਡਾ. ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ। ਨਾਲ ਹੀ ਪਾਰਟੀ ਨੇ ਜਾਂਚ ਲਈ ਇੱਕ ਹਾਈ ਲੈਵਲ ਕਮੇਟੀ ਬਣਾਈ ਹੈ, ਜਿਸ ਦੀ ਅਗਵਾਈ ਭੁਪੇਸ਼ ਬਘੇਲ ਕਰ ਰਹੇ ਹਨ।

ਦੂਜੇ ਪਾਸੇ, ਨਵਜੋਤ ਸਿੰਘ ਸਿੱਧੂ ਬੀਤੇ ਦਿਨ ਅੰਮ੍ਰਿਤਸਰ ਪਹੁੰਚੇ ਪਰ ਉਹਨਾਂ ਨੇ ਨਾ ਕਿਸੇ ਮੀਡੀਆ ਨੂੰ ਬਿਆਨ ਦਿੱਤਾ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਕੁਝ ਲਿਖਿਆ। ਹਾਲਾਂਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਲਗਾਤਾਰ ਕਾਂਗਰਸ ਦੇ ਕੁਝ ਲੀਡਰਾਂ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੀ ਹਨ।

ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਵਧਦੀ ਇਸ ਤਰ੍ਹਾਂ ਦੀ ਖਿੱਚੋਤਾਣ ਕਾਰਨ ਹਾਈਕਮਾਨ ਨਾਰਾਜ਼ ਹੈ ਅਤੇ ਇਸੀ ਲਈ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ।