ਇਟਲੀ 'ਚ ਪੁਲਸ ਹਿਰਾਸਤ ਦੌਰਾਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ, ਝੂਠੇ ਇਲਜ਼ਾਮ ਦਾ ਸਦਮਾ ਨਾ ਸਹਾਰ ਸਕਿਆ ਸੁਖਵਿੰਦਰ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਿਆਨੀ ਦੇ 23 ਸਾਲਾ ਨੌਜਵਾਨ ਸੁਖਵਿੰਦਰ ਸਿੰਘ (ਸੋਨੂੰ) ਦੀ ਇਟਲੀ ਵਿਚ ਪੁਲਸ ਹਿਰਾਸਤ ਦੌਰਾਨ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਟਲੀ ਪੁਲਸ ਨੇ ਸੁਖਵਿੰਦਰ ਨੂੰ ਲੜਕੀਆਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਹਿਰਾਸਤ ਵਿਚ ਲਿਆ ਸੀ, ਪਰ ਪਰਿਵਾਰ ਦਾ ਦਾਅਵਾ ਹੈ ਕਿ ਉਹ ਬਿਲਕੁਲ ਬੇਗੁਨਾਹ ਸੀ ਅਤੇ ਉਸ 'ਤੇ ਝੂਠੇ ਇਲਜ਼ਾਮ ਲਗਾਏ ਗਏ ਸਨ।
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਿਆਨੀ ਦੇ 23 ਸਾਲਾ ਨੌਜਵਾਨ ਸੁਖਵਿੰਦਰ ਸਿੰਘ (ਸੋਨੂੰ) ਦੀ ਇਟਲੀ ਵਿਚ ਪੁਲਸ ਹਿਰਾਸਤ ਦੌਰਾਨ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਟਲੀ ਪੁਲਸ ਨੇ ਸੁਖਵਿੰਦਰ ਨੂੰ ਲੜਕੀਆਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿਚ ਹਿਰਾਸਤ ਵਿਚ ਲਿਆ ਸੀ, ਪਰ ਪਰਿਵਾਰ ਦਾ ਦਾਅਵਾ ਹੈ ਕਿ ਉਹ ਬਿਲਕੁਲ ਬੇਗੁਨਾਹ ਸੀ ਅਤੇ ਉਸ 'ਤੇ ਝੂਠੇ ਇਲਜ਼ਾਮ ਲਗਾਏ ਗਏ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਬਹੁਤ ਹੀ ਨੇਕ ਅਤੇ ਧਾਰਮਿਕ ਸੁਭਾਅ ਦਾ ਨੌਜਵਾਨ ਸੀ। ਇਟਲੀ ਜਾਣ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਾਠੀ ਵਜੋਂ ਸੇਵਾ ਨਿਭਾਉਂਦਾ ਰਿਹਾ ਸੀ। ਉਸ ਦੀ ਭੈਣ ਅਨੁਸਾਰ ਸੁਖਵਿੰਦਰ ਦਾ ਧਿਆਨ ਕਦੇ ਗਲਤ ਕੰਮਾਂ ਵੱਲ ਨਹੀਂ ਸੀ ਗਿਆ ਅਤੇ ਉਹ ਝੂਠੇ ਇਲਜ਼ਾਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਿਆ।

ਸੁਖਵਿੰਦਰ ਦੀ ਭੈਣ ਅਮਨਦੀਪ ਨੇ ਦੱਸਿਆ ਕਿ ਉਸ ਦੀ ਭਰਾ ਨਾਲ ਆਖਰੀ ਵਾਰ ਗੱਲ ਹੋਈ ਸੀ, ਜਿਸ ਦੌਰਾਨ ਉਸ ਨੇ ਦੱਸਿਆ ਸੀ ਕਿ 21 ਜੂਨ ਨੂੰ ਉਹ ਇਕ ਵਾਟਰ ਪਾਰਕ ਵਿਚ ਘੁੰਮਣ ਗਿਆ ਸੀ। ਉੱਥੇ ਪਾਰਕ ਵਿੱਚੋਂ ਗੁਜ਼ਰਦੇ ਸਮੇਂ ਗਲਤੀ ਨਾਲ ਉਸ ਦਾ ਹੱਥ ਇਕ ਲੜਕੀ ਨਾਲ ਟਚ ਹੋ ਗਿਆ ਸੀ। ਇਸ ਮਾਮੂਲੀ ਗੱਲ 'ਤੇ ਲੜਕੀਆਂ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਪੁਲਸ ਬੁਲਾ ਲਈ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਲੜਕੀਆਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਪਰਿਵਾਰ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਸੁਖਵਿੰਦਰ ਨੂੰ ਸੁਨਹਿਰੇ ਭਵਿੱਖ ਦੀ ਆਸ ਵਿੱਚ ਇਟਲੀ ਭੇਜਿਆ ਗਿਆ ਸੀ। ਉਸ ਨੂੰ ਭੇਜਣ ਲਈ ਮਾਂ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਲਗਭਗ 15 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਪੁੱਤਰ ਦੇ ਘਰ ਪਰਤਣ ਅਤੇ ਗਰੀਬੀ ਦੂਰ ਹੋਣ ਦੇ ਇੰਤਜ਼ਾਰ ਵਿੱਚ ਮਾਂ ਦਾ ਦੋ ਸਾਲ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਬਜ਼ੁਰਗ ਪਿਤਾ ਨੂੰ ਜਦੋਂ ਇਟਲੀ ਤੋਂ ਚਿੱਠੀ ਮਿਲੀ ਤਾਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ, ਕਿਉਂਕਿ ਉਹ ਇਟਾਲੀਅਨ ਭਾਸ਼ਾ ਵਿੱਚ ਸੀ। ਬਾਅਦ ਵਿੱਚ ਪਿੰਡ ਦੇ ਹੀ ਇਕ ਨੌਜਵਾਨ ਨੇ AI ਰਾਹੀਂ ਉਸ ਚਿੱਠੀ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ, ਜਿਸ ਤੋਂ ਸੁਖਵਿੰਦਰ ਦੀ ਮੌਤ ਦਾ ਪਤਾ ਲੱਗਾ।

ਇਟਲੀ ਦੀ ਪੁਲਸ ਮੁਤਾਬਕ ਸੁਖਵਿੰਦਰ ਦਾ ਪਹਿਲਾਂ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ। ਜੇਲ੍ਹ ਵਿੱਚ ਤਬੀਅਤ ਖ਼ਰਾਬ ਹੋਣ ਤੋਂ ਬਾਅਦ 23 ਜੂਨ ਨੂੰ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬ੍ਰੇਸੀਆ ਪ੍ਰਸ਼ਾਸਨ ਨੇ ਸੁਖਵਿੰਦਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਜਾਂਚ ਕਮੇਟੀ ਗਠਿਤ ਕਰ ਦਿੱਤੀ ਹੈ।