ਵੱਡੇ ਕਾਰੋਬਾਰੀ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਮੌਕੇ ਤੋਂ ਸੁਸਾਈਡ ਨੋਟ ਬਰਾਮਦ

ਪੁਲਸ ਅਨੁਸਾਰ ਦੀਪਤੀ ਦਾ ਲਾਸ਼ ਘਰ ਵਿੱਚ ਇੱਕ ਚੁੰਨੀ ਦੇ ਸਹਾਰੇ ਫਾਹੇ ਨਾਲ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਵੱਲੋਂ ਸੂਚਨਾ ਮਿਲਣ 'ਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ।
ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ 'ਕਮਲਾ ਪਸੰਦ' ਅਤੇ 'ਰਾਜਸ਼੍ਰੀ' ਪਾਨ ਮਸਾਲਾ ਗਰੁੱਪ ਦੇ ਮਾਲਕ ਕਮਲ ਕਿਸ਼ੋਰ ਦੀ ਨੂੰਹ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਦੀਪਤੀ ਚੌਰਸੀਆ ਵਜੋਂ ਹੋਈ ਹੈ। 

ਪੁਲਸ ਅਨੁਸਾਰ ਦੀਪਤੀ ਦਾ ਲਾਸ਼ ਘਰ ਵਿੱਚ ਇੱਕ ਚੁੰਨੀ ਦੇ ਸਹਾਰੇ ਫਾਹੇ ਨਾਲ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਵੱਲੋਂ ਸੂਚਨਾ ਮਿਲਣ 'ਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪੁਲਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਸ਼ੁਰੂਆਤੀ ਜਾਂਚ ਅਨੁਸਾਰ, ਦੀਪਤੀ ਨੇ ਇਸ ਨੋਟ ਵਿੱਚ ਕਿਸੇ ਵੀ ਵਿਅਕਤੀ 'ਤੇ ਕੋਈ ਸਿੱਧਾ ਦੋਸ਼ ਨਹੀਂ ਲਗਾਇਆ ਹੈ। ਨੋਟ ਵਿੱਚ ਉਸ ਦੀ ਮਾਨਸਿਕ ਅਤੇ ਭਾਵਨਾਤਮਕ ਸਥਿਤੀ ਨਾਲ ਜੁੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਪਰ ਇਸ ਵਿੱਚ ਕਿਸੇ ਤਰ੍ਹਾਂ ਦੀ ਤੰਗ-ਪ੍ਰੇਸ਼ਾਨੀ ਜਾਂ ਘਰੇਲੂ ਵਿਵਾਦ ਦਾ ਜ਼ਿਕਰ ਨਹੀਂ ਹੈ।

ਦੀਪਤੀ ਚੌਰਸੀਆ ਦਾ ਵਿਆਹ ਸਾਲ 2010 ਵਿੱਚ ਕਮਲ ਕਿਸ਼ੋਰ ਦੇ ਪੁੱਤਰ ਅਰਪਿਤ ਚੌਰਸੀਆ ਨਾਲ ਹੋਇਆ ਸੀ। ਇਸ ਜੋੜੇ ਦੇ ਦੋ ਬੱਚੇ ਹਨ। ਦੀਪਤੀ ਦਾ ਸੁਭਾਅ ਕਾਫੀ ਸ਼ਾਂਤ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਸ ਦੀ ਖੁਦਕੁਸ਼ੀ ਦੀ ਖ਼ਬਰ ਸੁਣ ਕੇ ਸਾਰੇ ਹੈਰਾਨ ਹਨ। ਦੀਪਤੀ ਦੇ ਪੇਕਿਆਂ ਦਾ ਪਿਛੋਕੜ ਬਿਹਾਰ ਨਾਲ ਜੁੜਿਆ ਹੋਇਆ ਹੈ, ਜਿੱਥੇ ਉਸ ਦੇ ਪਿਤਾ ਕਿਸੇ ਸਮੇਂ ਰਾਜਨੀਤੀ ਵਿੱਚ ਸਰਗਰਮ ਸਨ।
ਪੁਲਸ ਨੇ ਹਾਲੇ ਤੱਕ ਘਰੇਲੂ ਵਿਵਾਦ ਵਰਗੀ ਕੋਈ ਠੋਸ ਜਾਣਕਾਰੀ ਸਾਹਮਣੇ ਨਾ ਆਉਣ ਦੀ ਪੁਸ਼ਟੀ ਕੀਤੀ ਹੈ। ਪੁਲਸ ਸਾਰੇ ਸੰਭਾਵੀ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਦੀਪਤੀ ਅਤੇ ਉਸ ਦੇ ਪਤੀ ਅਰਪਿਤ ਦੇ ਰਿਸ਼ਤਿਆਂ, ਹਾਲ ਹੀ ਦੀਆਂ ਗਤੀਵਿਧੀਆਂ, ਫੋਨ ਰਿਕਾਰਡਸ ਅਤੇ ਨਿੱਜੀ ਗੱਲਬਾਤ ਨਾਲ ਜੁੜੇ ਡਿਜੀਟਲ ਡਾਟਾ ਦੀ ਪੜਤਾਲ ਕਰਨਗੇ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਮੌਤ ਦੇ ਹਾਲਾਤਾਂ ਬਾਰੇ ਹੋਰ ਸਪੱਸ਼ਟਤਾ ਆਵੇਗੀ। ਇਸ ਦੇ ਨਾਲ ਹੀ, ਸੁਸਾਈਡ ਨੋਟ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾਵੇਗੀ ਤਾਂ ਜੋ ਉਸ ਦੀ ਲਿਖਤ ਅਤੇ ਪ੍ਰਮਾਣਿਕਤਾ ਦੀ ਪੁਸ਼ਟੀ ਹੋ ਸਕੇ। ਪੁਲਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੀਪਤੀ ਪਿਛਲੇ ਕੁਝ ਸਮੇਂ ਤੋਂ ਕਿਸੇ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੀ ਸੀ ਜਾਂ ਨਹੀਂ।