ਮਾਸਕੋ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ! ਰੂਸੀ ਤੇਲ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ

ਯੂਕਰੇਨ ਨੇ ਪਿਛਲੇ ਦੋ ਸਾਲਾਂ ਵਿਚ ਰੂਸ ਦੀ ਰਾਜਧਾਨੀ ਮਾਸਕੋ 'ਤੇ ਆਪਣਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਹੈ। ਰੂਸੀ ਮੀਡੀਆ ਅਨੁਸਾਰ, ਇਸ ਹਮਲੇ ਵਿੱਚ ਇੱਕ ਪ੍ਰਮੁੱਖ ਤੇਲ ਰਿਫਾਇਨਰੀ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਈ ਥਾਵਾਂ 'ਤੇ ਅੱਗ ਲੱਗ ਗਈ।
ਮਾਸਕੋ/ਕਿਯੂਵ : ਯੂਕਰੇਨ ਨੇ ਪਿਛਲੇ ਦੋ ਸਾਲਾਂ ਵਿਚ ਰੂਸ ਦੀ ਰਾਜਧਾਨੀ ਮਾਸਕੋ 'ਤੇ ਆਪਣਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਹੈ। ਰੂਸੀ ਮੀਡੀਆ ਅਨੁਸਾਰ, ਇਸ ਹਮਲੇ ਵਿੱਚ ਇੱਕ ਪ੍ਰਮੁੱਖ ਤੇਲ ਰਿਫਾਇਨਰੀ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਈ ਥਾਵਾਂ 'ਤੇ ਅੱਗ ਲੱਗ ਗਈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਅਨੁਸਾਰ, ਰਾਤੋ-ਰਾਤ ਮਾਸਕੋ ਵੱਲ ਵਧ ਰਹੇ ਘੱਟੋ-ਘੱਟ 194 ਡਰੋਨਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਖਤਮ ਕਰ ਦਿੱਤਾ ਗਿਆ। 

ਹਵਾਈ ਅੱਡੇ ਬੰਦ, ਰੂਸ ਭਰ 'ਚ 555 ਡਰੋਨ ਰੋਕੇ ਗਏ  
ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਬਾਰੂਦ ਦੀ ਵਰਖਾ ਯੂਕਰੇਨ ਦੇ ਇੱਕ ਵੱਡੇ ਹਮਲੇ ਦਾ ਹਿੱਸਾ ਸੀ, ਜਿਸ ਦੌਰਾਨ ਪੂਰੇ ਰੂਸ ਵਿਚ ਕੁੱਲ 555 ਡਰੋਨਾਂ ਨੂੰ ਰੋਕਿਆ ਗਿਆ, ਜਿਨ੍ਹਾਂ ਵਿਚ ਅਜ਼ੋਵ ਸਾਗਰ ਦੇ ਹਾਈਟੈੱਕ ਡਰੋਨ ਵੀ ਸ਼ਾਮਲ ਸਨ। ਇਸ ਹਮਲੇ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਮਾਸਕੋ ਦੇ ਸਾਰੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਉਡਾਣਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ।

ਤੇਲ ਰਿਫਾਇਨਰੀਆਂ 'ਤੇ ਸਟੀਕ ਨਿਸ਼ਾਨਾ  
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਨ੍ਹਾਂ ਹਮਲਿਆਂ ਨੂੰ ਰੂਸੀ ਹਮਲਿਆਂ ਦਾ 'ਪੂਰੀ ਤਰ੍ਹਾਂ ਜਾਇਜ਼ ਜਵਾਬ' ਦੱਸਿਆ ਹੈ। ਹਮਲੇ ਦਾ ਮੁੱਖ ਨਿਸ਼ਾਨਾ ਦੱਖਣ-ਪੂਰਬੀ ਜ਼ਿਲ੍ਹੇ ਕਾਪੋਤਨੀਆ ਵਿੱਚ ਸਥਿਤ ਮਾਸਕੋ ਤੇਲ ਰਿਫਾਇਨਰੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿਚ ਰਿਫਾਇਨਰੀ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਅਤੇ ਤੇਲ ਟੈਂਕ ਦੀ ਛੱਤ ਹਵਾ ਵਿੱਚ ਉੱਡਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ, ਰੂਸ ਦੇ ਰੋਸਤੋਵ ਖੇਤਰ ਵਿਚ ਵੀ ਇੱਕ ਤੇਲ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। 

ਰੂਸ ਵੱਲੋਂ ਜਵਾਬੀ ਕਾਰਵਾਈ  
ਇਸ ਦੇ ਜਵਾਬ ਵਿਚ ਰੂਸ ਨੇ ਵੀ ਯੂਕਰੇਨ 'ਤੇ 7 ਮਿਜ਼ਾਈਲਾਂ ਅਤੇ 239 ਡਰੋਨਾਂ ਨਾਲ ਹਮਲਾ ਕੀਤਾ। ਇਹ ਹਮਲੇ ਕਿਯੂਵ ਅਤੇ ਪੋਲਟਾਵਾ ਖੇਤਰਾਂ ਵਿੱਚ ਨਿੱਜੀ ਘਰਾਂ ਅਤੇ ਊਰਜਾ ਬੁਨਿਆਦੀ ਢਾਂਚੇ 'ਤੇ ਹੋਏ ਹਨ। ਮਾਹਿਰਾਂ ਅਨੁਸਾਰ, ਯੂਕਰੇਨ ਦੀ ਇਹ ਰਣਨੀਤੀ ਰੂਸ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਯਾਨੀ ਤੇਲ ਉਦਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਹੈ। ਰੂਸ ਦੇ ਸਰਕਾਰੀ ਬਜਟ ਦਾ ਘੱਟੋ-ਘੱਟ ਇੱਕ ਤਿਹਾਈ ਹਿੱਸਾ ਤੇਲ ਦੀ ਕਮਾਈ 'ਤੇ ਨਿਰਭਰ ਕਰਦਾ ਹੈ। ਜ਼ੇਲੇਂਸਕੀ ਨੇ ਸਪੱਸ਼ਟ ਕੀਤਾ ਹੈ ਕਿ ਰੂਸੀ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਮਾਸਕੋ ਨੂੰ ਜੰਗ ਖਤਮ ਕਰਨ ਲਈ ਮਜਬੂਰ ਕਰਨ ਦੀ ਇੱਕ ਅਹਿਮ ਰਣਨੀਤੀ ਹੈ।