ਬੈਂਕ ਹੀ ਖਾ ਗਿਆ ਗਾਹਕ ਦਾ Gold! Boi ਦੇ ਲਾਕਰ 'ਚੋਂ ਸੋਨੇ ਦੇ 96 ਪੈਕੇਟ ਗਾਇਬ, ਕਰੋੜਾਂ ਦੀ ਲੁੱਟ ਦਾ ਖਦਸ਼ਾ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਬੈਂਕ ਆਫ ਇੰਡੀਆ ਦੀ ਇੱਕ ਸ਼ਾਖਾ ਵਿਚੋਂ ਗਾਹਕਾਂ ਦਾ ਗਿਰਵੀ ਰੱਖਿਆ ਸੋਨਾ ਗਾਇਬ ਹੋਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਅਰਾਵਾਂ ਥਾਣਾ ਖੇਤਰ ਦੇ ਅਧੀਨ ਪੈਂਦੀ ਬੈਂਕ ਦੀ ਭਰੌਲ ਸ਼ਾਖਾ ਦੇ ਲਾਕਰ ਵਿਚੋ ਗੋਲਡ ਲੋਨ ਦੇ ਕੁੱਲ 96 ਪੈਕੇਟ ਗਾਇਬ ਮਿਲੇ ਹਨ।
ਫਿਰੋਜ਼ਾਬਾਦ: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਬੈਂਕ ਆਫ ਇੰਡੀਆ ਦੀ ਇੱਕ ਸ਼ਾਖਾ ਵਿਚੋਂ ਗਾਹਕਾਂ ਦਾ ਗਿਰਵੀ ਰੱਖਿਆ ਸੋਨਾ ਗਾਇਬ ਹੋਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਅਰਾਵਾਂ ਥਾਣਾ ਖੇਤਰ ਦੇ ਅਧੀਨ ਪੈਂਦੀ ਬੈਂਕ ਦੀ ਭਰੌਲ ਸ਼ਾਖਾ ਦੇ ਲਾਕਰ ਵਿਚੋ ਗੋਲਡ ਲੋਨ ਦੇ ਕੁੱਲ 96 ਪੈਕੇਟ ਗਾਇਬ ਮਿਲੇ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੈਂਕ ਆਫ ਇੰਡੀਆ ਦੇ ਆਗਰਾ ਖੇਤਰੀ ਦਫ਼ਤਰ ਦੇ ਮੁੱਖ ਪ੍ਰਬੰਧਕ ਵੱਲੋਂ ਤਤਕਾਲੀ ਸ਼ਾਖਾ ਪ੍ਰਬੰਧਕ ਸਮੇਤ ਤਿੰਨ ਕਰਮਚਾਰੀਆਂ ਖ਼ਿਲਾਫ਼ ਐਫ.ਆਈ.ਆਰ. (FIR) ਦਰਜ ਕਰਵਾਈ ਗਈ ਹੈ।

ਕਰਮਚਾਰੀ ਦੇ ਲਾਪਤਾ ਹੋਣ ਤੋਂ ਬਾਅਦ ਖੁੱਲ੍ਹਿਆ ਭੇਦ
ਪੁਲਸ ਅਧਿਕਾਰੀਆਂ ਅਨੁਸਾਰ, ਬੈਂਕ ਦੀ ਮੁੱਖ ਚਾਬੀ ਰੱਖਣ ਵਾਲਾ ਕਰਮਚਾਰੀ ਦਿਲੀਪ ਕੁਮਾਰ 27 ਮਈ ਤੋਂ ਬਿਨਾਂ ਕਿਸੇ ਸੂਚਨਾ ਦੇ ਡਿਊਟੀ ਤੋਂ ਗੈਰ-ਹਾਜ਼ਰ ਸੀ। ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਬੈਂਕ ਅਧਿਕਾਰੀਆਂ ਦਾ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਸ਼ੱਕ ਹੋਣ 'ਤੇ ਆਗਰਾ ਸਥਿਤ ਖੇਤਰੀ ਦਫ਼ਤਰ ਨੂੰ ਸੂਚਿਤ ਕੀਤਾ ਗਿਆ। 15 ਜੂਨ ਨੂੰ ਸੀਨੀਅਰ ਸੁਰੱਖਿਆ ਪ੍ਰਬੰਧਕਾਂ ਦੀ ਮੌਜੂਦਗੀ ਵਿਚ ਜਦੋਂ ਦੂਜੀ ਚਾਬੀ ਨਾਲ ਲਾਕਰ ਖੋਲ੍ਹਿਆ ਗਿਆ ਤਾਂ ਸੋਨੇ ਦੇ 96 ਪੈਕੇਟ ਗਾਇਬ ਪਾਏ ਗਏ। ਇਸ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ।

ਕਰੋੜਾਂ ਰੁਪਏ ਦੇ ਸੋਨੇ ਦੀ ਹੇਰਾਫੇਰੀ
ਹਾਲਾਂਕਿ ਐੱਫ.ਆਈ.ਆਰ. ਵਿਚ ਸੋਨੇ ਦੇ ਸਹੀ ਭਾਰ ਜਾਂ ਕੀਮਤ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਾਇਬ ਹੋਏ ਸੋਨੇ ਦੀ ਕੀਮਤ ਕਰੋੜਾਂ ਰੁਪਏ ਹੋ ਸਕਦੀ ਹੈ। ਪੁਲਸ ਨੇ ਇਸ ਮਾਮਲੇ ਵਿਚ ਸਾਬਕਾ ਸ਼ਾਖਾ ਪ੍ਰਬੰਧਕ ਸੰਦੀਪ ਯਾਦਵ, ਕਰਮਚਾਰੀ ਦਿਲੀਪ ਕੁਮਾਰ ਤੇ ਕ੍ਰੈਡਿਟ ਅਧਿਕਾਰੀ ਨਰੇਸ਼ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਅਰਾਵਾਂ ਥਾਣਾ ਇੰਚਾਰਜ ਰਿਸ਼ੀ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ ਤਾਂ ਜੋ ਗਾਇਬ ਹੋਇਆ ਸੋਨਾ ਬਰਾਮਦ ਕੀਤਾ ਜਾ ਸਕੇ।