ਫਤਿਹਗੜ੍ਹ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਬੇਰਹਿਮੀ ਨਾਲ ਕਤਲ, ਨਕਾਬਪੋਸ਼ਾਂ ਨੇ ਵੱਢਿਆ ਗਲਾ

ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੇਅਦਬੀ ਦੇ ਇੱਕ ਮੁਲਜ਼ਮ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਫਤਿਹਗੜ੍ਹ ਸਾਹਿਬ : ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੇਅਦਬੀ ਦੇ ਇੱਕ ਮੁਲਜ਼ਮ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮੇਵਾ ਸਿੰਘ ਵਜੋਂ ਹੋਈ ਹੈ, ਜੋ ਮੰਡੀ ਗੋਬਿੰਦਗੜ੍ਹ ਦੇ ਪਿੰਡ ਲਾਡਪੁਰ ਤੂਰਾਂ ਸਥਿਤ ਗੁਰਦੁਆਰਾ ਸਾਹਿਬ ਵਿੱਚ ਹੋਈ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮ ਸੀ। ਇਹ ਵਾਰਦਾਤ ਅੱਧੀ ਰਾਤ ਨੂੰ ਉਸ ਸਮੇਂ ਹੋਈ ਜਦੋਂ ਨਕਾਬਪੋਸ਼ ਹਮਲਾਵਰ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ।

ਪਰਿਵਾਰ ਨੇ ਕੁੰਡੀ ਲਗਾ ਕੇ ਬਚਾਈ ਜਾਨ
ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਰਾਤ ਵੇਲੇ ਉਸਦੇ ਪਿਤਾ ਦੇ ਚਿੱਲਾਉਣ ਦੀ ਆਵਾਜ਼ ਸੁਣ ਕੇ ਉਸਦੀ ਅਤੇ ਉਸਦੀ ਮਾਂ ਦੀ ਅੱਖ ਖੁੱਲ੍ਹ ਗਈ। ਮੇਵਾ ਸਿੰਘ ਚਿੱਲਾ ਰਿਹਾ ਸੀ, "ਮੈਨੂੰ ਬਚਾ ਲਓ, ਮੈਨੂੰ ਮਾਰ ਦਿੱਤਾ"। ਜਦੋਂ ਪਰਿਵਾਰਕ ਮੈਂਬਰ ਡੰਡਾ ਲੈ ਕੇ ਬਚਾਉਣ ਗਏ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਉਨ੍ਹਾਂ ਨੇ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਲਈ ਅਤੇ ਗੁਆਂਢੀਆਂ ਨੂੰ ਫੋਨ ਕੀਤਾ। ਗੁਆਂਢੀਆਂ ਦੇ ਆਉਣ ਦੀ ਭਿਣਕ ਲੱਗਦਿਆਂ ਹੀ ਹਮਲਾਵਰ ਕੰਧ ਟੱਪ ਕੇ ਫ਼ਰਾਰ ਹੋ ਗਏ।

ਬੇਅਦਬੀ ਕੇਸ ਦਾ ਪਿਛੋਕੜ
ਪੁਲਿਸ ਅਨੁਸਾਰ ਮੇਵਾ ਸਿੰਘ ਵਿਰੁੱਧ ਅਕਤੂਬਰ 2020 ਵਿੱਚ ਪਿੰਡ ਤੂਰਾਂ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਉਹ ਇਸ ਮਾਮਲੇ ਵਿੱਚ ਦੋ ਵਾਰ ਜੇਲ੍ਹ ਜਾ ਚੁੱਕਾ ਸੀ। ਪਹਿਲੀ ਵਾਰ ਇੱਕ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਸਨੂੰ ਜ਼ਮਾਨਤ ਮਿਲੀ ਸੀ, ਪਰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਕਰੀਬ 7 ਮਹੀਨੇ ਪਹਿਲਾਂ ਹੀ ਦੁਬਾਰਾ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਇਸ ਵੇਲੇ ਇੱਕ ਮਿੱਲ ਵਿੱਚ ਕੰਮ ਕਰਦਾ ਸੀ।

ਪੁਲਿਸ ਵੱਲੋਂ ਜਾਂਚ ਜਾਰੀ
ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮੇਵਾ ਸਿੰਘ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਹਨ, ਜਿਸ ਕਾਰਨ ਉਸਦੀ ਮੌਤ ਹੋਈ ਹੈ। ਪੁਲਿਸ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਕਤਲ ਤੋਂ ਬਾਅਦ ਘਰ ਦੇ ਅੰਦਰ ਚਾਰੋਂ ਪਾਸੇ ਖੂਨ ਹੀ ਖੂਨ ਫੈਲਿਆ ਹੋਇਆ ਸੀ।