ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਹੋਵੇਗਾ ਇਤਿਹਾਸਕ, ਪੰਜਾਬ ਦੇ ਸਾਰੇ 117 ਹਲਕਿਆਂ 'ਚ ਹੋਣਗੇ ਡਰੋਨ ਸ਼ੋਅ

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ ਵਿੱਚ ਯਾਦਗਾਰੀ ਅਤੇ ਇਤਿਹਾਸਕ ਪੱਧਰ 'ਤੇ ਮਨਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਦਸੰਬਰ ਤੱਕ ਚੱਲਣ ਵਾਲੇ ਵੱਖ-ਵੱਖ ਸਮਾਗਮਾਂ ਦਾ ਇੱਕ ਵਿਸਤ੍ਰਿਤ ਕੈਲੰਡਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਰਾਜ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਹਰ ਮਹੀਨੇ ਸੈਮੀਨਾਰ ਕਰਵਾਏ ਜਾਣਗੇ।
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ ਵਿੱਚ ਯਾਦਗਾਰੀ ਅਤੇ ਇਤਿਹਾਸਕ ਪੱਧਰ 'ਤੇ ਮਨਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਦਸੰਬਰ ਤੱਕ ਚੱਲਣ ਵਾਲੇ ਵੱਖ-ਵੱਖ ਸਮਾਗਮਾਂ ਦਾ ਇੱਕ ਵਿਸਤ੍ਰਿਤ ਕੈਲੰਡਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਰਾਜ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਹਰ ਮਹੀਨੇ ਸੈਮੀਨਾਰ ਕਰਵਾਏ ਜਾਣਗੇ।

ਡਰੋਨ ਸ਼ੋਅ ਰਾਹੀਂ ਦਿੱਤਾ ਜਾਵੇਗਾ ਗੁਰੂ ਸਾਹਿਬ ਦਾ ਸੰਦੇਸ਼
ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਕਰਵਾਏ ਜਾਣ ਵਾਲੇ ਡਰੋਨ ਸ਼ੋਅ ਹੋਣਗੇ। ਇਨ੍ਹਾਂ ਸ਼ੋਅਜ਼ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਨੂੰ ਦਿੱਤੇ ਗਏ ਸੰਦੇਸ਼ ਨੂੰ ਦਰਸਾਇਆ ਜਾਵੇਗਾ, ਤਾਂ ਜੋ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਫਲਸਫੇ ਨਾਲ ਜੋੜਿਆ ਜਾ ਸਕੇ।

6 ਲੱਖ ਤੋਂ ਵੱਧ ਝੰਡੇ ਅਤੇ ‘ਰਵਿਦਾਸ ਗਾਰਡਨ’
ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਲਗਭਗ 6 ਤੋਂ 6.5 ਲੱਖ ਝੰਡੇ ਵੰਡੇ ਜਾਣਗੇ, ਜਿਨ੍ਹਾਂ ਨੂੰ ਲੋਕ ਸ਼ਰਧਾ ਵਜੋਂ ਆਪਣੇ ਘਰਾਂ 'ਤੇ ਲਗਾਉਣਗੇ। ਇਸ ਤੋਂ ਇਲਾਵਾ, ਗੁਰੂ ਸਾਹਿਬ ਦੀ ਯਾਦ ਵਿੱਚ 650 ਏਕੜ ਰਕਬੇ ਵਿੱਚ ਇੱਕ ਵਿਸ਼ਾਲ ‘ਰਵਿਦਾਸ ਗਾਰਡਨ’ ਵਿਕਸਿਤ ਕੀਤਾ ਜਾਵੇਗਾ। ਵਾਰਾਣਸੀ ਸਮੇਤ ਦੇਸ਼ ਦੇ ਚਾਰ ਪ੍ਰਮੁੱਖ ਸ਼ਹਿਰਾਂ ਵਿੱਚ ਵਿਸ਼ਾਲ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਜਾਣਗੀਆਂ।

ਸਮਾਜਿਕ ਏਕਤਾ ਲਈ ਹੋਵੇਗੀ ‘ਰਨ ਆਫ ਇਕੁਏਲਿਟੀ’
ਭਾਈਚਾਰਕ ਸਾਂਝ ਅਤੇ ਬਰਾਬਰੀ ਦਾ ਸੰਦੇਸ਼ ਦੇਣ ਲਈ ਪੂਰੇ ਰਾਜ ਵਿੱਚ ‘ਰਨ ਆਫ ਇਕੁਏਲਿਟੀ’ (Run of Equality) ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਸਮਾਗਮਾਂ ਵਿੱਚ ਮੋਹਾਲੀ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦਾ ਉਦੇਸ਼ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਗੁਰੂ ਰਵਿਦਾਸ ਜੀ ਦੇ ‘ਬੇਗਮਪੁਰਾ’ ਦੇ ਸੰਕਲਪ ਅਤੇ ਬਰਾਬਰੀ ਵਾਲੇ ਸਮਾਜ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।