ਅੱਤਵਾਦੀ ਸਾਜ਼ਿਸ਼ ਨਾਕਾਮ: ਡਾਕਟਰ ਦੇ ਘਰੋਂ 300 ਕਿਲੋ RDX ਅਤੇ ਭਾਰੀ ਹਥਿਆਰ ਬਰਾਮਦ

ਵਿਸਫੋਟਕ ਸਮੱਗਰੀ ਤੋਂ ਇਲਾਵਾ, ਪੁਲਸ ਨੇ ਇਸ ਕਮਰੇ ਵਿੱਚੋਂ ਇੱਕ ਅਸਾਲਟ ਰਾਈਫਲ, 3 ਮੈਗਜ਼ੀਨ ਅਤੇ ਇੱਕ ਪਿਸਤੌਲ ਸਮੇਤ ਕਾਰਤੂਸ ਵੀ ਜ਼ਬਤ ਕੀਤੇ ਹਨ।
ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਵੱਡੀ ਸੁਰੱਖਿਆ ਉਲੰਘਣਾ ਦਾ ਖੁਲਾਸਾ ਹੋਇਆ ਹੈ। ਜੰਮੂ-ਕਸ਼ਮੀਰ ਪੁਲਸ ਨੇ ਹਰਿਆਣਾ ਪੁਲਸ ਦੇ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਫਰੀਦਾਬਾਦ ਦੇ ਧੌਜ ਪਿੰਡ ਵਿੱਚ ਇੱਕ ਡਾਕਟਰ ਦੇ ਕਿਰਾਏ ਦੇ ਕਮਰੇ 'ਤੇ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਕਮਰੇ ਵਿੱਚੋਂ ਕਰੀਬ 360 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤਾ ਗਿਆ ਹੈ, ਜੋ ਕਿ ਸੰਭਾਵਿਤ ਅਮੋਨੀਅਮ ਨਾਈਟ੍ਰੇਟ ਹੋ ਸਕਦਾ ਹੈ। ਫਰੀਦਾਬਾਦ ਪੁਲਸ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਇਹ RDX ਨਹੀਂ ਹੈ, ਪਰ ਇਹ ਇੱਕ ਵੱਡਾ ਮਾਡਿਊਲ ਹੋ ਸਕਦਾ ਹੈ। ਵਿਸਫੋਟਕ ਸਮੱਗਰੀ ਤੋਂ ਇਲਾਵਾ, ਪੁਲਸ ਨੇ ਇਸ ਕਮਰੇ ਵਿੱਚੋਂ ਇੱਕ ਅਸਾਲਟ ਰਾਈਫਲ, 3 ਮੈਗਜ਼ੀਨ ਅਤੇ ਇੱਕ ਪਿਸਤੌਲ ਸਮੇਤ ਕਾਰਤੂਸ ਵੀ ਜ਼ਬਤ ਕੀਤੇ ਹਨ।

ਮੁਲਜ਼ਮ ਡਾਕਟਰ ਕੌਣ ਹੈ?
ਮੁੱਖ ਮੁਲਜ਼ਮ ਡਾ. ਆਦਿਲ ਅਹਿਮਦ ਹੈ, ਜੋ ਕਿ ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਹੈ। ਆਦਿਲ ਨੂੰ 7 ਨਵੰਬਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਸੀ। ਡਾ. ਆਦਿਲ ਪਹਿਲਾਂ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ (GMC) ਵਿੱਚ ਪ੍ਰੈਕਟਿਸ ਕਰਦਾ ਸੀ ਪਰ ਉਸਨੇ 2024 ਵਿੱਚ ਉੱਥੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਹਾਰਨਪੁਰ ਵਿੱਚ ਪ੍ਰੈਕਟਿਸ ਕਰਨ ਲੱਗਾ ਸੀ। ਉਹ ਇੱਕ ਯੂਨੀਵਰਸਿਟੀ ਵਿੱਚ ਵੀ ਪੜ੍ਹਾਉਂਦਾ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਆਦਿਲ ਅਹਿਮਦ ਨੇ ਫਰੀਦਾਬਾਦ ਵਿੱਚ ਇਹ ਕਮਰਾ 3 ਮਹੀਨੇ ਪਹਿਲਾਂ ਕਿਰਾਏ 'ਤੇ ਲਿਆ ਸੀ ਪਰ ਉਹ ਉੱਥੇ ਰਹਿੰਦਾ ਨਹੀਂ ਸੀ, ਸਗੋਂ ਇਸ ਨੂੰ ਸਿਰਫ਼ ਸਮਾਨ ਰੱਖਣ ਲਈ ਵਰਤਿਆ ਜਾਂਦਾ ਸੀ।

ਡਾ. ਆਦਿਲ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੌਰਾਨ, ਉਸ ਨੇ ਫਰੀਦਾਬਾਦ ਵਿੱਚ ਵਿਸਫੋਟਕ ਰੱਖਣ ਦੀ ਗੱਲ ਕਬੂਲ ਕੀਤੀ। ਇਸ ਤੋਂ ਇਲਾਵਾ, ਉਸ ਨੇ ਦੱਸਿਆ ਸੀ ਕਿ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ (GMC) ਦੇ ਇੱਕ ਕਮਰੇ ਵਿੱਚੋਂ ਵੀ ਇੱਕ AK-47 ਰਾਈਫਲ ਬਰਾਮਦ ਹੋਈ ਸੀ।

ਦੂਜਾ ਡਾਕਟਰ ਵੀ ਗ੍ਰਿਫਤਾਰ, UAPA ਤਹਿਤ ਕੇਸ ਦਰਜ
ਡਾ. ਆਦਿਲ ਅਹਿਮਦ ਦੀ ਨਿਸ਼ਾਨਦੇਹੀ 'ਤੇ, 7 ਨਵੰਬਰ ਨੂੰ ਹੀ ਇੱਕ ਹੋਰ ਡਾਕਟਰ ਮੁਜਾਹਿਲ ਸ਼ਕੀਲ ਨੂੰ ਪੁਲਵਾਮਾ (ਕਸ਼ਮੀਰ) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਡਾ. ਆਦਿਲ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਖਿਲਾਫ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ (UAPA) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ, ਡਾਕਟਰ ਕੋਲੋਂ ਇਸ ਤਰ੍ਹਾਂ ਦੇ ਆਧੁਨਿਕ ਹਥਿਆਰਾਂ ਦੀ ਬਰਾਮਦਗੀ ਨੂੰ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਮੰਨਿਆ ਜਾ ਰਿਹਾ ਹੈ।