ਨਾਇਜੀਰੀਆ 'ਚ ਸਕੂਲ 'ਤੇ ਅੱਤਵਾਦੀ ਹਮਲਾ! 2 ਅਧਿਆਪਕਾਂ ਸਮੇਤ 3 ਦੀ ਹੱਤਿਆ, ਪ੍ਰੀਖਿਆ ਦੇ ਰਹੇ ਵਿਦਿਆਰਥੀ ਅਗਵਾ

ਨਾਇਜੀਰੀਆ ਦੇ ਉੱਤਰ-ਪੂਰਬੀ ਰਾਜ ਬੋਰਨੋ ਵਿੱਚ ਇੱਕ ਵਾਰ ਫਿਰ ਅੱਤਵਾਦੀ ਹਿੰਸਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੰਦੂਕਧਾਰੀਆਂ ਨੇ ਇੱਕ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦਾ ਅਗਵਾ ਕਰ ਲਿਆ ਅਤੇ ਦੋ ਅਧਿਆਪਕਾਂ ਸਮੇਤ ਤਿੰਨ ਵਿਅਕਤੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
ਅਬੂਜਾ : ਨਾਇਜੀਰੀਆ ਦੇ ਉੱਤਰ-ਪੂਰਬੀ ਰਾਜ ਬੋਰਨੋ ਵਿੱਚ ਇੱਕ ਵਾਰ ਫਿਰ ਅੱਤਵਾਦੀ ਹਿੰਸਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੰਦੂਕਧਾਰੀਆਂ ਨੇ ਇੱਕ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦਾ ਅਗਵਾ ਕਰ ਲਿਆ ਅਤੇ ਦੋ ਅਧਿਆਪਕਾਂ ਸਮੇਤ ਤਿੰਨ ਵਿਅਕਤੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।

ਪੁਲਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ ਬੋਰਨੋ ਰਾਜ ਦੇ ਅਸਕੀਰਾ-ਉਬਾ ਖੇਤਰ ਵਿਚ ਸਥਿਤ ਲਾਸਾ ਡੇ ਸੈਕੰਡਰੀ ਸਕੂਲ ਵਿਚ ਵਾਪਰੀ। ਜਦੋਂ ਵਿਦਿਆਰਥੀ ਆਪਣੀ ਜਮਾਤ ਵਿਚ ਪ੍ਰੀਖਿਆ ਦੇ ਰਹੇ ਸਨ ਤਾਂ ਅਚਾਨਕ ਹਥਿਆਰਬੰਦ ਹਮਲਾਵਰਾਂ ਨੇ ਸਕੂਲ 'ਤੇ ਹਮਲਾ ਕਰ ਦਿੱਤਾ। ਮਨੁੱਖੀ ਅਧਿਕਾਰ ਸੰਗਠਨ 'ਐਮਨੈਸਟੀ ਇੰਟਰਨੈਸ਼ਨਲ ਨਾਈਜੀਰੀਆ' ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿਚ ਦੋ ਅਧਿਆਪਕਾਂ ਤੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ।

ਪੁਲਸ ਬੁਲਾਰੇ ਨਾਹੁਮ ਦਾਸੋ ਨੇ ਦੱਸਿਆ ਕਿ ਹਮਲੇ ਤੋਂ ਕੁਝ ਘੰਟਿਆਂ ਬਾਅਦ ਹੀ ਸੁਰੱਖਿਆ ਬਲਾਂ ਨੇ ਕਾਰਵਾਈ ਕਰਦੇ ਹੋਏ ਲਗਭਗ 10 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੁੱਲ ਕਿੰਨੇ ਵਿਦਿਆਰਥੀਆਂ ਨੂੰ ਅਗਵਾ ਕੀਤਾ ਗਿਆ ਹੈ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਸ ਖੇਤਰ ਵਿਚ ਅੱਤਵਾਦੀ ਸੰਗਠਨ ਬੋਕੋ ਹਰਾਮ ਅਤੇ 'ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ' (ISWAP) ਲਗਾਤਾਰ ਸਰਗਰਮ ਹਨ।

ਸਿੱਖਿਆ ਖੇਤਰ ਦੀ ਸੁਰੱਖਿਆ 'ਤੇ ਉੱਠੇ ਸਵਾਲ
ਐਮਨੈਸਟੀ ਇੰਟਰਨੈਸ਼ਨਲ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਸਥਾਨ ਹੋਣੇ ਚਾਹੀਦੇ ਹਨ। ਸੰਗਠਨ ਨੇ ਨਾਈਜੀਰੀਆ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉੱਤਰੀ ਨਾਈਜੀਰੀਆ ਵਿੱਚ ਸਿੱਖਿਆ ਖੇਤਰ ਨੂੰ ਹਥਿਆਰਬੰਦ ਸਮੂਹਾਂ ਤੋਂ ਸੁਰੱਖਿਅਤ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਜੋ ਕਿਸੇ ਵੀ ਬੱਚੇ ਨੂੰ ਆਪਣੀ ਪੜ੍ਹਾਈ ਅਤੇ ਜਾਨ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਨਾ ਹੋਣਾ ਪਵੇ।

ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੇ ਸ਼ੁਰੂ ਵਿਚ ਨਾਈਜੀਰੀਆ ਦੀ ਸੈਨਾ ਨੇ ਬੋਕੋ ਹਰਾਮ ਦੇ ਕਬਜ਼ੇ ਵਿਚੋਂ 300 ਤੋਂ ਵੱਧ ਅਗਵਾ ਕੀਤੇ ਲੋਕਾਂ ਨੂੰ ਮੁਕਤ ਕਰਵਾਇਆ ਸੀ, ਜੋ ਇਸ ਹਮਲੇ ਵਾਲੀ ਥਾਂ ਤੋਂ ਲਗਭਗ 114 ਕਿਲੋਮੀਟਰ ਦੂਰ ਸਥਿਤ ਹੈ।