ਦਸੂਹਾ 'ਚ ਤੇਂਦੁਏ ਦੀ ਦਹਿਸ਼ਤ! ਘਰ 'ਚ ਵੜ ਕੇ ਗਾਂ ਨੂੰ ਬਣਾਇਆ ਸ਼ਿਕਾਰ

ਦਸੂਹਾ ਇਲਾਕੇ ਵਿੱਚ ਤੇਂਦੁਏ ਦਿਖਣ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇੱਕ ਖ਼ੌਫ਼ਨਾਕ ਘਟਨਾ ਵਿੱਚ ਤੇਂਦੁਏ ਨੇ ਇੱਕ ਘਰ ਦੇ ਵਿਹੜੇ ਵਿੱਚ ਵੜ ਕੇ ਉੱਥੇ ਗਾਂ ਦੀ ਬੱਝੀ ਨੂੰ ਆਪਣਾ ਸ਼ਿਕਾਰ ਬਣਾਇਆ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਤੇਂਦੁਆ ਕੰਧ ਪਾਰ ਤਕ ਕੇ ਅੰਦਰ ਵੜਦਾ ਅਤੇ ਹਮਲਾ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ।
ਦਸੂਹਾ : ਦਸੂਹਾ ਇਲਾਕੇ ਵਿੱਚ ਤੇਂਦੁਏ ਦਿਖਣ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇੱਕ ਖ਼ੌਫ਼ਨਾਕ ਘਟਨਾ ਵਿੱਚ ਤੇਂਦੁਏ ਨੇ ਇੱਕ ਘਰ ਦੇ ਵਿਹੜੇ ਵਿੱਚ ਵੜ ਕੇ ਉੱਥੇ ਗਾਂ ਦੀ ਬੱਝੀ ਨੂੰ ਆਪਣਾ ਸ਼ਿਕਾਰ ਬਣਾਇਆ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਤੇਂਦੁਆ ਕੰਧ ਪਾਰ ਤਕ ਕੇ ਅੰਦਰ ਵੜਦਾ ਅਤੇ ਹਮਲਾ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ।

ਪੀੜਤ ਪਰਿਵਾਰ ਦੇ ਮੈਂਬਰਾਂ ਪੰਡਿਤ ਗਿਆਨ ਚੰਦ ਅਤੇ ਚੰਦਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਬਛੜੀ ਮਰੀ ਹੋਈ ਸੀ। ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਾਤ ਦੇ ਸਮੇਂ ਤੇਂਦੁਆ ਕੰਧ ਟੱਪ ਕੇ ਅੰਦਰ ਆਇਆ। ਆਹਟ ਸੁਣ ਕੇ ਸੁੱਤੀ ਹੋਈ ਗਾਂ ਖੜ੍ਹੀ ਹੋ ਗਈ, ਪਰ ਤੇਂਦੁਏ ਨੇ ਤੁਰੰਤ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਗਲਾ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜੰਗਲਾਤ ਵਿਭਾਗ ਵੱਲੋਂ ਕਾਰਵਾਈ
ਘਟਨਾ ਦੀ ਸੂਚਨਾ ਮਿਲਣ 'ਤੇ ਵਣ ਜੀਵ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਦਾਤਾਰਪੁਰ ਵੈਟਰਨਰੀ ਹਸਪਤਾਲ ਦੀ ਡਾਕਟਰ ਪੂਨਮ ਸ਼ਰਮਾ ਵੱਲੋਂ ਮ੍ਰਿਤਕ ਬਛੜੀ ਦਾ ਪੋਸਟਮਾਰਟਮ ਕੀਤਾ ਗਿਆ ਹੈ। ਫੋਰੈਸਟ ਗਾਰਡ ਗੁਰਮੇਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਰਾਤ ਵੇਲੇ ਘਰਾਂ ਦੇ ਬਾਹਰ ਲਾਈਟਾਂ ਜਗਾ ਕੇ ਰੱਖਣ ਅਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।

ਪਿੰਡ ਵਿੱਚ ਤੇਂਦੁਏ ਦੇ ਘੁੰਮਣ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਦੇ ਲੋਕ ਬੁਰੀ ਤਰ੍ਹਾਂ ਸਹਿਮ ਗਏ ਹਨ। ਜੰਗਲਾਤ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਲੋੜ ਪਈ ਤਾਂ ਤੇਂਦੁਏ ਨੂੰ ਫੜਨ ਲਈ ਪਿੰਡ ਵਿੱਚ ਪਿੰਜਰਾ ਵੀ ਲਗਾਇਆ ਜਾਵੇਗਾ। ਫਿਲਹਾਲ ਲੋਕਾਂ ਨੂੰ ਇਕੱਲੇ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ।