ਦਿੱਲੀ 'ਚ ਦਹਿਸ਼ਤ: 3 ਅਦਾਲਤਾਂ ਅਤੇ 2 CRPF ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਰਿਪੋਰਟਾਂ ਅਨੁਸਾਰ, ਅਦਾਲਤਾਂ ਨੂੰ ਮਿਲਿਆ ਧਮਕੀ ਭਰਿਆ ਮੇਲ 'ਜੈਸ਼-ਏ-ਮੁਹੰਮਦ' ਨਾਮ ਦੀ ਈਮੇਲ ਆਈ.ਡੀ. ਤੋਂ ਭੇਜਿਆ ਗਿਆ ਸੀ।
ਅੱਜ ਦਿੱਲੀ ਵਿੱਚ ਸੁਰੱਖਿਆ ਨੂੰ ਲੈ ਕੇ ਵੱਡਾ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਦੀਆਂ ਤਿੰਨ ਜ਼ਿਲ੍ਹਾ ਅਦਾਲਤਾਂ ਅਤੇ ਦੋ ਸੀਆਰਪੀਐਫ (CRPF) ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਾਕੇਤ ਕੋਰਟ, ਪਟਿਆਲਾ ਹਾਊਸ ਕੋਰਟ ਅਤੇ ਦਵਾਰਕਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਮੇਲ ਮਿਲਣ ਤੋਂ ਬਾਅਦ ਤਿੰਨੋਂ ਅਦਾਲਤਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ।

ਰਿਪੋਰਟਾਂ ਅਨੁਸਾਰ, ਅਦਾਲਤਾਂ ਨੂੰ ਮਿਲਿਆ ਧਮਕੀ ਭਰਿਆ ਮੇਲ 'ਜੈਸ਼-ਏ-ਮੁਹੰਮਦ' ਨਾਮ ਦੀ ਈਮੇਲ ਆਈ.ਡੀ. ਤੋਂ ਭੇਜਿਆ ਗਿਆ ਸੀ। ਇਸ ਤੋਂ ਬਾਅਦ ਤਿੰਨੋਂ ਕੈਂਪਸਾਂ ਵਿੱਚ ਬੰਬ ਸਕੁਐਡ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਵੇਰੇ ਕਰੀਬ 9 ਵਜੇ, ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਦੇ ਦੋ ਸੀਆਰਪੀਐਫ ਸਕੂਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ। ਇੱਕ ਅਣਪਛਾਤੇ ਵਿਅਕਤੀ ਨੇ ਪੁਲਸ ਨੂੰ ਫੋਨ ਕਰਕੇ ਦਾਅਵਾ ਕੀਤਾ ਕਿ ਕੈਂਪਸਾਂ ਵਿੱਚ ਵਿਸਫੋਟਕ ਰੱਖੇ ਗਏ ਹਨ।

ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸਕੂਲਾਂ ਵਿੱਚ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ, ਜਿਸ ਤੋਂ ਬਾਅਦ ਧਮਕੀ ਨੂੰ ਇੱਕ ਅਫਵਾਹ ਘੋਸ਼ਿਤ ਕਰ ਦਿੱਤਾ ਗਿਆ ਹੈ। ਧਮਕੀ ਦੇਣ ਵਾਲੇ ਦਾ ਫੋਨ ਬੰਦ ਹੈ ਅਤੇ ਉਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਟਿਆਲਾ ਹਾਊਸ ਕੋਰਟ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦਰਅਸਲ, ਐਨਆਈਏ ਵੱਲੋਂ ਅੱਜ ਦਿੱਲੀ ਬਲਾਸਟ ਕੇਸ ਨਾਲ ਜੁੜੇ ਮੁਲਜ਼ਮ ਜਸੀਰ ਬਿਲਾਲ ਉਰਫ ਦਾਨਿਸ਼ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਇਹ ਮੁਲਜ਼ਮ ਹਮਲੇ ਵਿੱਚ ਮਾਰੇ ਗਏ ਅੱਤਵਾਦੀ ਡਾ. ਉਮਰ ਦਾ ਦੋਸਤ ਦੱਸਿਆ ਜਾ ਰਿਹਾ ਹੈ। ਇਸ ਸੰਵੇਦਨਸ਼ੀਲ ਪੇਸ਼ੀ ਦੇ ਮੱਦੇਨਜ਼ਰ, ਕੋਰਟ ਵਿੱਚ ਰੈਪਿਡ ਐਕਸ਼ਨ ਫੋਰਸ (RAF) ਤਾਇਨਾਤ ਕੀਤੀ ਗਈ ਹੈ।

ਧਮਕੀ ਮਿਲਣ ਤੋਂ ਬਾਅਦ ਵਕੀਲਾਂ ਨੂੰ ਕੋਰਟਾਂ ਦੇ ਬਾਹਰ ਨਿਕਲਣ ਲਈ ਕਿਹਾ ਗਿਆ ਸੀ। ਸਾਕੇਤ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਨੇ ਦੱਸਿਆ ਕਿ ਅਦਾਲਤੀ ਕਾਰਵਾਈ ਲਗਭਗ ਦੋ ਘੰਟੇ ਲਈ ਰੋਕ ਦਿੱਤੀ ਗਈ ਸੀ ਅਤੇ ਇਹ ਲੰਚ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ। ਨਵੀਂ ਦਿੱਲੀ ਬਾਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਨੇ ਪੁਸ਼ਟੀ ਕੀਤੀ ਕਿ ਪਟਿਆਲਾ ਹਾਊਸ ਅਦਾਲਤਾਂ ਵਿੱਚ ਕਾਰਵਾਈ ਸਿਰਫ਼ ਥੋੜ੍ਹੀ ਦੇਰ ਲਈ ਰੁਕੀ ਸੀ ਅਤੇ ਹੁਣ ਜਾਰੀ ਹੈ।