ਜਲੰਧਰ 'ਚ ਭਿਆਨਕ ਸੜਕ ਹਾਦਸਾ, ਦੋ ਕਬੱਡੀ ਖਿਡਾਰੀਆਂ ਦੀ ਮੌਤ

ਜਲੰਧਰ-ਮੋਗਾ ਨੈਸ਼ਨਲ ਹਾਈਵੇਅ 'ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਕਬੱਡੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਅਤੇ ਜ਼ਖ਼ਮੀ ਤਿੰਨੋਂ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਕਬੱਡੀ ਦੇ ਖਿਡਾਰੀ ਸਨ।
ਜਲੰਧਰ : ਜਲੰਧਰ-ਮੋਗਾ ਨੈਸ਼ਨਲ ਹਾਈਵੇਅ 'ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਕਬੱਡੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਅਤੇ ਜ਼ਖ਼ਮੀ ਤਿੰਨੋਂ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਕਬੱਡੀ ਦੇ ਖਿਡਾਰੀ ਸਨ।

ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਸ਼ੁੱਕਰਵਾਰ ਸ਼ਾਮ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਲਸੀਆਂ ਵੱਲੋਂ ਆ ਰਹੇ ਸਨ। ਲਦੜਾ ਅੱਡੇ ਦੇ ਕੋਲ ਪਰਾਲੀ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਖੜ੍ਹੀ ਸੀ। ਦੋਸ਼ ਹੈ ਕਿ ਡਰਾਈਵਰ ਨੇ ਪਿੱਛੇ ਦੇਖੇ ਬਿਨਾਂ ਅਚਾਨਕ ਟਰਾਲੀ ਸੜਕ 'ਤੇ ਚੜ੍ਹਾ ਦਿੱਤੀ, ਜਿਸ ਕਾਰਨ ਪਿੱਛੇ ਤੋਂ ਆ ਰਿਹਾ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਤਿੰਨੋਂ ਨੌਜਵਾਨ ਸੜਕ 'ਤੇ ਡਿੱਗ ਪਏ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਦੋ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨਾਂ ਦੀ ਪਛਾਣ ਹਰਜੋਤ ਸਿੰਘ (16) ਪੁੱਤਰ ਤੀਰਥ ਸਿੰਘ, ਵਾਸੀ ਪੰਧੇਰਾ ਅਤੇ ਗੁਰਦੀਪ ਸਿੰਘ ਦੀਪਾ (23) ਪੁੱਤਰ ਅੰਗਰੇਜ਼ ਸਿੰਘ, ਵਾਸੀ ਖਾਨਪੁਰ ਢੱਡਾ ਵਜੋਂ ਹੋਈ ਹੈ। ਹਰਜੋਤ ਸਿੰਘ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਦਕਿ ਗੁਰਦੀਪ ਸਿੰਘ ਦੀ ਕੁਝ ਹੀ ਦਿਨਾਂ ਬਾਅਦ ਯੂਕੇ (UK) ਜਾਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਤੀਜੇ ਦੋਸਤ ਹਰਦੀਪ ਸਿੰਘ (17) ਨੂੰ ਇਲਾਜ ਲਈ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਭੱਜ ਰਹੇ ਟਰੈਕਟਰ ਡਰਾਈਵਰ ਨੂੰ ਸਥਾਨਕ ਲੋਕਾਂ ਨੇ ਪਿੱਛਾ ਕਰਕੇ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਸਦਰ ਦੇ ਇੰਚਾਰਜ ਪਰਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਇੰਦਰਜੀਤ ਕੌਰ ਨੇ ਹਸਪਤਾਲ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।