ਲੁਧਿਆਣਾ ਦੀ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ, ਸਿਲੰਡਰ ਬਲਾਸਟ ਮਗਰੋਂ ਵਧੀ ਅੱਗ

ਅੱਗ ਨੇ ਕੁਝ ਹੀ ਦੇਰ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਕਈ ਕਿਲੋਮੀਟਰ ਤੱਕ ਆਸਮਾਨ ਵਿੱਚ ਨਜ਼ਰ ਆਈਆਂ।
ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਮੰਗਲਵਾਰ ਦੁਪਹਿਰ ਕਰੀਬ ਸਵਾ 2 ਵਜੇ ਦੇ ਆਸ-ਪਾਸ ਪਲਾਸਟਿਕ ਦੇ ਕ੍ਰੇਟਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੁਝ ਧਮਾਕੇ ਵੀ ਹੋਏ, ਕਿਉਂਕਿ ਕੁਝ ਸਿਲੰਡਰ ਵੀ ਬਲਾਸਟ ਹੋ ਗਏ।

ਅੱਗ ਨੇ ਕੁਝ ਹੀ ਦੇਰ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਕਈ ਕਿਲੋਮੀਟਰ ਤੱਕ ਆਸਮਾਨ ਵਿੱਚ ਨਜ਼ਰ ਆਈਆਂ। ਇਸ ਤੋਂ ਇਲਾਵਾ, ਹਵਾ ਵਿੱਚ ਧੂੰਏਂ ਦੇ ਗੁਬਾਰ ਵੀ ਕਈ ਕਿਲੋਮੀਟਰ ਤੱਕ ਫੈਲੇ। ਇਹ ਅੱਗ ਖਾਸ ਤੌਰ 'ਤੇ ਫਰੂਟ ਸ਼ੈੱਡ ਨੰਬਰ-30 ਵਿੱਚ ਲੱਗੀ। ਇਸ ਘਟਨਾ ਦੌਰਾਨ ਇੱਕ ਟਰੱਕ ਵੀ ਸੜ ਗਿਆ ਹੈ ਅਤੇ ਫਰੂਟ ਵਿਕਰੇਤਾਵਾਂ ਦੇ ਕਰੀਬ 2 ਤੋਂ 3 ਖੋਖੇ ਵੀ ਸੜ ਗਏ ਹਨ। ਅੱਗ ਲੱਗਣ ਕਾਰਨ ਕਈ ਸਬਜ਼ੀ ਵਿਕਰੇਤਾਵਾਂ ਦਾ ਭਾਰੀ ਨੁਕਸਾਨ ਹੋਇਆ।

ਅੱਗ ਲੱਗਣ ਕਾਰਨ ਮੰਡੀ ਵਿੱਚ ਸਾਮਾਨ ਖਰੀਦਣ ਆਏ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਅਫੜਾ-ਤਫੜੀ ਮਚ ਗਈ। ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਖੁਦ ਹੀ ਅੱਗ 'ਤੇ ਕਾਬੂ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ।

ਜਾਨੀ ਨੁਕਸਾਨ ਤੋਂ ਬਚਾਅ
ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਹਾਲਾਤ ਵਿਗੜਦੇ ਦੇਖਦਿਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਕਰੀਬ 2 ਤੋਂ 3 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।