ਔਰੰਗਾਬਾਦ 'ਚ ਭਿਆਨਕ ਹਾਦਸਾ! 15 ਫੁੱਟ ਡੂੰਘੀ ਨਹਿਰ 'ਚ ਡਿੱਗੀ ਸਕੂਲ ਵੈਨ, 13 ਬੱਚੇ ਜ਼ਖ਼ਮੀ

ਔਰੰਗਾਬਾਦ ਵਿਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕ ਨਿੱਜੀ ਸਕੂਲ ਦੀ ਵੈਨ ਬੇਕਾਬੂ ਹੋ ਕੇ ਸੜਕ ਤੋਂ ਲਗਭਗ 15 ਫੁੱਟ ਹੇਠਾਂ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿਚ ਵੈਨ ਵਿਚ ਸਵਾਰ 13 ਬੱਚੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 3 ਬੱਚਿਆਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।
ਔਰੰਗਾਬਾਦ : ਔਰੰਗਾਬਾਦ ਵਿਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕ ਨਿੱਜੀ ਸਕੂਲ ਦੀ ਵੈਨ ਬੇਕਾਬੂ ਹੋ ਕੇ ਸੜਕ ਤੋਂ ਲਗਭਗ 15 ਫੁੱਟ ਹੇਠਾਂ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿਚ ਵੈਨ ਵਿਚ ਸਵਾਰ 13 ਬੱਚੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 3 ਬੱਚਿਆਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਅੰਬਾ-ਨਵੀਨਗਰ ਮੁੱਖ ਮਾਰਗ 'ਤੇ ਤਾਮਸੀ ਮੋੜ ਦੇ ਕੋਲ ਵਾਪਰਿਆ। ਸੇਂਟ ਜੇਵੀਅਰ ਹਾਈ ਸਕੂਲ, ਅੰਬਾ ਦੀ ਇਹ ਮੈਜਿਕ ਵੈਨ ਕੁਟੁੰਬਾ, ਲਖਨਾ, ਮਹੂਆ ਧਾਮ ਅਤੇ ਮੀਰਪੁਰ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਦੂਜੀ ਗੱਡੀ ਨੇ ਵੈਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ। ਵੈਨ ਸੜਕ ਕਿਨਾਰੇ ਲੱਗੀ ਰੇਲਿੰਗ ਨੂੰ ਪਾਰ ਕਰਦੇ ਹੋਏ ਸਿੱਧੀ ਨਹਿਰ ਵਿਚ ਜਾ ਡਿੱਗੀ। ਹਾਦਸੇ ਦੇ ਸਮੇਂ ਗੱਡੀ ਦੀ ਰਫ਼ਤਾਰ ਲਗਭਗ 50 ਕਿਲੋਮੀਟਰ ਪ੍ਰਤੀ ਘੰਟਾ ਸੀ ਤੇ ਵੈਨ ਵਿਚ ਸਮਰੱਥਾ ਤੋਂ ਵੱਧ ਬੱਚੇ ਸਵਾਰ ਸਨ।

ਹਾਦਸਾ ਹੁੰਦੇ ਹੀ ਨੇੜਲੇ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਹਿਰ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ। ਜ਼ਖ਼ਮੀ ਬੱਚਿਆਂ ਨੂੰ ਤੁਰੰਤ ਕੁਟੁੰਬਾ ਰੈਫਰਲ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਤਿੰਨ ਬੱਚਿਆਂ—ਆਰ.ਬੀ. ਪ੍ਰਤਾਪ (5), ਹਰਸ਼ ਕੁਮਾਰ ਅਤੇ ਮੌਲੀ ਕੁਮਾਰੀ—ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਔਰੰਗਾਬਾਦ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਹਾਦਸੇ ਤੋਂ ਤੁਰੰਤ ਬਾਅਦ ਵੈਨ ਦਾ ਡਰਾਈਵਰ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ, ਸਕੂਲ ਦੇ ਅਧਿਆਪਕ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਸਿੰਘ ਵੀ ਹਸਪਤਾਲ ਪਹੁੰਚੇ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਕਾਰਨ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ ਹਨ।