ਹੋਰਮੁਜ਼ 'ਚ ਈਰਾਨੀ ਡਰੋਨ ਹਮਲੇ ਨਾਲ ਵਧਿਆ ਤਣਾਅ! UN ਨੇ 11,000 ਨਾਵਿਕਾਂ ਦਾ ਬਚਾਅ ਕਾਰਜ ਰੋਕਿਆ

ਹੋਰਮੁਜ਼ ਸਟ੍ਰੇਟ 'ਚ ਈਰਾਨ ਵੱਲੋਂ ਕੀਤੇ ਗਏ ਇੱਕ ਡਰੋਨ ਹਮਲੇ ਤੋਂ ਬਾਅਦ ਸਮੁੰਦਰੀ ਖੇਤਰ ਵਿਚ ਤਣਾਅ ਬਹੁਤ ਵੱਧ ਗਿਆ ਹੈ। ਇਸ ਹਮਲੇ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ (UN) ਦੀ ਸਮੁੰਦਰੀ ਏਜੰਸੀ, ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (IMO) ਨੇ ਫਸੇ ਹੋਏ 11,000 ਤੋਂ ਵੱਧ ਨਾਵਿਕਾਂ ਨੂੰ ਕੱਢਣ ਦਾ ਰੇਸਕਿਊ ਆਪ੍ਰੇਸ਼ਨ ਫਿਲਹਾਲ ਰੋਕ ਦਿੱਤਾ ਹੈ।
ਤਹਿਰਾਨ/ਨਵੀਂ ਦਿੱਲੀ: ਹੋਰਮੁਜ਼ ਸਟ੍ਰੇਟ 'ਚ ਈਰਾਨ ਵੱਲੋਂ ਕੀਤੇ ਗਏ ਇੱਕ ਡਰੋਨ ਹਮਲੇ ਤੋਂ ਬਾਅਦ ਸਮੁੰਦਰੀ ਖੇਤਰ ਵਿਚ ਤਣਾਅ ਬਹੁਤ ਵੱਧ ਗਿਆ ਹੈ। ਇਸ ਹਮਲੇ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ (UN) ਦੀ ਸਮੁੰਦਰੀ ਏਜੰਸੀ, ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (IMO) ਨੇ ਫਸੇ ਹੋਏ 11,000 ਤੋਂ ਵੱਧ ਨਾਵਿਕਾਂ ਨੂੰ ਕੱਢਣ ਦਾ ਰੇਸਕਿਊ ਆਪ੍ਰੇਸ਼ਨ ਫਿਲਹਾਲ ਰੋਕ ਦਿੱਤਾ ਹੈ।

ਸਿੰਗਾਪੁਰ ਦੇ ਜਹਾਜ਼ 'ਤੇ ਹੋਇਆ ਹਮਲਾ
ਮਿਲੀ ਜਾਣਕਾਰੀ ਅਨੁਸਾਰ, ਓਮਾਨ ਦੇ ਤੱਟ ਦੇ ਕੋਲ ਸਿੰਗਾਪੁਰ ਦੇ ਝੰਡੇ ਵਾਲੇ ਕਾਰਗੋ ਜਹਾਜ਼ 'ਐਵਰ ਲਵਲੀ' 'ਤੇ ਡਰੋਨ ਹਮਲਾ ਹੋਇਆ ਸੀ। ਹਾਲਾਂਕਿ ਇਸ ਹਮਲੇ ਵਿੱਚ ਕਿਸੇ ਨਾਵਿਕ ਦੀ ਮੌਤ ਜਾਂ ਗੰਭੀਰ ਸੱਟ ਦੀ ਕੋਈ ਖ਼ਬਰ ਨਹੀਂ ਹੈ, ਪਰ ਜਹਾਜ਼ ਦੇ ਬ੍ਰਿਜ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਤੋਂ ਬਾਅਦ IMO ਨੇ ਸੁਰੱਖਿਆ ਕਾਰਨਾਂ ਕਰਕੇ ਬਚਾਅ ਕਾਰਜ ਨੂੰ ਉਦੋਂ ਤੱਕ ਰੋਕਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਜਹਾਜ਼ਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਮਿਲ ਜਾਂਦੀ।

ਨਾਵਿਕਾਂ ਦੀ ਸੁਰੱਖਿਆ 'ਤੇ ਖਤਰਾ
IMO ਦੇ ਮੁਤਾਬਕ, ਇਸ ਪੂਰੇ ਇਲਾਕੇ ਦੇ ਵੱਖ-ਵੱਖ ਜਹਾਜ਼ਾਂ 'ਤੇ ਲਗਭਗ 20,000 ਨਾਵਿਕ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ 11,000 ਨੂੰ ਕੱਢਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਸੀ। ਹੁਣ ਬਚਾਅ ਅਭਿਆਨ ਰੁਕਣ ਕਾਰਨ ਇਹ ਨਾਵਿਕ ਫਿਰ ਤੋਂ ਵਿਚਕਾਰ ਸਮੁੰਦਰ ਵਿੱਚ ਫਸ ਗਏ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ।

ਈਰਾਨ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਉਸ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਜਹਾਜ਼ ਸੰਯੁਕਤ ਰਾਸ਼ਟਰ ਅਤੇ ਓਮਾਨ ਵੱਲੋਂ ਤਿਆਰ ਕੀਤੇ ਗਏ ਨਵੇਂ ਸਮੁੰਦਰੀ ਰਸਤੇ ਦੀ ਵਰਤੋਂ ਨਾ ਕਰੇ। ਈਰਾਨ ਦੀ ਨਵੀਂ ਏਜੰਸੀ (PGSA) ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਜਹਾਜ਼ ਈਰਾਨ ਵੱਲੋਂ ਤੈਅ ਕੀਤੇ ਗਏ ਅਧਿਕਾਰਤ ਰਸਤੇ (ਲਾਰਕ ਆਈਲੈਂਡ ਦੇ ਨੇੜੇ) ਦੀ ਬਜਾਏ ਕਿਸੇ ਹੋਰ ਰਸਤੇ ਦੀ ਵਰਤੋਂ ਕਰਨਗੇ, ਉਨ੍ਹਾਂ ਦੀ ਸੁਰੱਖਿਆ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

ਵਿਸ਼ਵ ਅਰਥਵਿਵਸਥਾ 'ਤੇ ਅਸਰ
ਹੋਰਮੁਜ਼ ਸਟ੍ਰੇਟ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਊਰਜਾ ਕਾਰੀਡੋਰ ਮੰਨਿਆ ਜਾਂਦਾ ਹੈ, ਜਿੱਥੋਂ ਦੁਨੀਆ ਦੇ ਲਗਭਗ 20 ਫੀਸਦੀ ਕੱਚੇ ਤੇਲ ਦੀ ਸਪਲਾਈ ਹੁੰਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਣਾਅ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਭਾਰਤ, ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਿਸ ਦਾ ਅਸਰ ਪੂਰੀ ਦੁਨੀਆ ਦੀ ਅਰਥਵਿਵਸਥਾ 'ਤੇ ਪਵੇਗਾ।