ਪੰਜਾਬ ਯੂਨੀਵਰਸਿਟੀ 'ਚ ਤਣਾਅ, ਵਿਦਿਆਰਥੀਆਂ ਦਾ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪੀਜੀਆਈ ਦੇ ਸਾਹਮਣੇ ਸਥਿਤ ਯੂਨੀਵਰਸਿਟੀ ਦਾ ਗੇਟ ਨੰਬਰ 1 ਤੋੜ ਦਿੱਤਾ ਅਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਸੈਨੇਟ ਚੋਣਾਂ ਦੀ ਤਾਰੀਖ ਤੁਰੰਤ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਅੱਜ (10 ਨਵੰਬਰ) ਦਾ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਸਵੇਰ ਤੋਂ ਹੀ ਵਿਦਿਆਰਥੀ ਅਤੇ ਪੁਲਸ ਆਹਮੋ-ਸਾਹਮਣੇ ਹਨ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਤਣਾਅ ਵਾਲਾ ਮਾਹੌਲ ਹੈ।

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪੀਜੀਆਈ ਦੇ ਸਾਹਮਣੇ ਸਥਿਤ ਯੂਨੀਵਰਸਿਟੀ ਦਾ ਗੇਟ ਨੰਬਰ 1 ਤੋੜ ਦਿੱਤਾ ਅਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਦਿਆਰਥੀਆਂ ਅਤੇ ਪੁਲਸ ਵਿਚਕਾਰ ਸਖ਼ਤ ਧੱਕਾ-ਮੁੱਕੀ ਹੋਈ। ਹਾਲਾਤ ਇੰਨੇ ਵਿਗੜ ਗਏ ਕਿ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਗੇਟ 'ਤੇ ਚੜ੍ਹ ਗਈ। ਹਾਲਾਂਕਿ, ਜਦੋਂ ਵਿਦਿਆਰਥੀ ਨਹੀਂ ਰੁਕੇ ਅਤੇ ਬੈਰੀਕੇਡਿੰਗ ਤੋੜਨ ਲੱਗੇ, ਤਾਂ ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਬਾਅਦ ਵਿੱਚ ਗੇਟ ਨੰਬਰ 1 ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਅਤੇ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਗਏ, ਜਿਨ੍ਹਾਂ ਵਿੱਚ ਨਿਹੰਗ ਵੀ ਸ਼ਾਮਲ ਸਨ।

ਵਿਦਿਆਰਥੀਆਂ ਦੇ ਇਸ ਵੱਡੇ ਪ੍ਰਦਰਸ਼ਨ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੋਹਾਲੀ-ਚੰਡੀਗੜ੍ਹ ਬਾਰਡਰ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਹੋ ਗਈਆਂ ਹਨ। ਮੋਹਾਲੀ-ਚੰਡੀਗੜ੍ਹ ਬਾਰਡਰ ਦੇ ਫੇਜ਼ 6 ਵਿੱਚ ਕਿਸਾਨਾਂ ਨੇ ਧਰਨਾ ਲਗਾ ਦਿੱਤਾ। ਕਿਸਾਨ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਲਈ ਆਉਣਾ ਚਾਹੁੰਦੇ ਸਨ, ਪਰ ਪੁਲਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨਿਹੰਗਾਂ ਨੂੰ ਹਥਿਆਰਾਂ ਸਮੇਤ ਪੁਲਸ ਨੇ ਰੋਕ ਲਿਆ। ਉਨ੍ਹਾਂ ਨੂੰ ਵਾਈਪੀਐਸ ਚੌਕ ਮੋਹਾਲੀ ਵੱਲ ਭੇਜਿਆ ਗਿਆ, ਜਿੱਥੇ ਪੁਲਿਸ ਨੇ ਸੰਭਾਵਿਤ ਜਾਮ ਨੂੰ ਦੇਖਦੇ ਹੋਏ ਇਲਾਕੇ ਨੂੰ ਚਾਰੇ ਪਾਸਿਓਂ ਬੰਦ ਕਰ ਦਿੱਤਾ ਹੈ।

ਇਹ ਵਿਵਾਦ ਕੇਂਦਰ ਸਰਕਾਰ ਵੱਲੋਂ ਪੀਯੂ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ, ਹਾਲਾਂਕਿ ਬਾਅਦ ਵਿੱਚ ਕੇਂਦਰ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ। ਵਿਦਿਆਰਥੀ ਹੁਣ 91 ਸੀਨੇਟ ਮੈਂਬਰਾਂ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ।