ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਚੁੱਕੀ ਸਹੁੰ: 4ਵੀਂ ਵਾਰ ਬਣੇ MLA

ਸਪੀਕਰ ਨੇ ਮੀਡੀਆ ਨੂੰ ਦੱਸਿਆ ਕਿ ਸੰਧੂ ਸਾਹਿਬ ਚੌਥੀ ਵਾਰ ਵਿਧਾਇਕ ਬਣੇ ਹਨ ਅਤੇ ਵਿਧਾਨ ਸਭਾ ਵਿੱਚ ਮੌਜੂਦ ਵਿਧਾਇਕਾਂ ਵਿੱਚੋਂ ਸਭ ਤੋਂ ਸੀਨੀਅਰ ਹਨ।
ਤਰਨਤਾਰਨ ਵਿਧਾਨ ਸਭਾ ਉਪ-ਚੋਣ ਵਿੱਚ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਸਪੀਕਰ ਕੁਲਤਾਰ ਸੰਧਵਾਂ ਨੇ ਸਹੁੰ ਦਿਵਾਈ। ਸਹੁੰ ਚੁੱਕਣ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਗੁਰੂ ਪਾਤਸ਼ਾਹ ਮਿਹਰ ਕਰਨ ਕਿ ਹਰਮੀਤ ਸਿੰਘ ਸੰਧੂ ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਚੁਣ ਕੇ ਭੇਜਿਆ ਹੈ, ਉਨ੍ਹਾਂ 'ਤੇ ਉਹ ਖਰਾ ਉੱਤਰਨ।

ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਵਿਧਾਇਕ
ਸਪੀਕਰ ਨੇ ਮੀਡੀਆ ਨੂੰ ਦੱਸਿਆ ਕਿ ਸੰਧੂ ਸਾਹਿਬ ਚੌਥੀ ਵਾਰ ਵਿਧਾਇਕ ਬਣੇ ਹਨ ਅਤੇ ਵਿਧਾਨ ਸਭਾ ਵਿੱਚ ਮੌਜੂਦ ਵਿਧਾਇਕਾਂ ਵਿੱਚੋਂ ਸਭ ਤੋਂ ਸੀਨੀਅਰ ਹਨ। ਉਨ੍ਹਾਂ ਕਿਹਾ ਕਿ ਸੰਧੂ ਸਾਹਿਬ ਦੇ ਤਜਰਬੇ ਦਾ ਫਾਇਦਾ ਜ਼ਰੂਰ ਹੋਵੇਗਾ ਅਤੇ ਉਹ ਆਪਣੇ ਹਲਕੇ ਤੇ ਵਿਧਾਨ ਸਭਾ ਵਿੱਚ ਗੱਲ ਚੰਗੇ ਤਰੀਕੇ ਨਾਲ ਰੱਖਣਗੇ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਹਨ। ਉਨ੍ਹਾਂ ਦੀ ਵਿਧਾਨ ਸਭਾ ਵਿੱਚ ਪਹਿਲੀ ਹਾਜ਼ਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਦੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਲੱਗੇਗੀ, ਜਿੱਥੇ ਉਹ ਆਪਣਾ ਪਹਿਲਾ ਸੈਸ਼ਨ ਅਟੈਂਡ ਕਰਨਗੇ।

ਹਰਮੀਤ ਸਿੰਘ ਸੰਧੂ ਨੇ ਗੁਰੂ ਅਰਜਨ ਦੇਵ ਅਤੇ ਤਰਨਤਾਰਨ ਦੀ ਜਨਤਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਚੌਥੀ ਵਾਰ ਇਹ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਇਕ ਬਣਨ ਨਾਲ ਤਰਨਤਾਰਨ ਦੇ ਲੰਮੇ ਸਮੇਂ ਤੋਂ ਲਟਕੇ ਮਾਮਲੇ ਹੱਲ ਹੋਣਗੇ। ਉਨ੍ਹਾਂ ਕਿਹਾ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸਹੁੰ ਚੁੱਕਣ ਦੇ ਇੱਕ ਹਫ਼ਤੇ ਦੇ ਅੰਦਰ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਆਪਣੀ ਪ੍ਰਾਥਮਿਕਤਾ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਥਾਨਕ ਮੁੱਦਿਆਂ ਦੇ ਨਾਲ-ਨਾਲ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਲੜਕੀਆਂ ਦਾ ਕਾਲਜ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਪੜ੍ਹਨ ਲਈ ਇਲਾਕੇ ਤੋਂ ਬਾਹਰ ਜਾਣਾ ਪੈਂਦਾ ਸੀ, ਇਸ ਲਈ ਮੁੱਖ ਮੰਤਰੀ ਨਾਲ ਗੱਲ ਕਰਕੇ ਉੱਥੇ ਇੱਕ ਟੈਕਨੀਕਲ ਕਾਲਜ ਵੀ ਬਣਾਇਆ ਜਾਵੇਗਾ।

ਨਸ਼ੇ ਅਤੇ ਗੈਂਗਸਟਰਾਂ ਦੇ ਮੁੱਦੇ 'ਤੇ ਬੋਲਦੇ ਹੋਏ ਸੰਧੂ ਨੇ ਕਿਹਾ ਕਿ ਸਰਕਾਰ ਪੂਰੀ ਦਿਲੋਂ ਇਸ ਮਾਮਲੇ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਹਲਕੇ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ, ਜਿਸ ਕਾਰਨ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅਟਾਰੀ ਬਾਰਡਰ 'ਤੇ ਐਂਟੀ-ਡਰੋਨ ਸਿਸਟਮ ਲਾਂਚ ਕੀਤਾ ਗਿਆ ਹੈ, ਜਿਸ ਨਾਲ ਕਾਫੀ ਫਰਕ ਪਿਆ ਹੈ। ਗੈਂਗਸਟਰਾਂ ਦੀਆਂ ਧਮਕੀਆਂ ਬਾਰੇ ਉਨ੍ਹਾਂ ਕਿਹਾ ਕਿ "ਮਾਝੇ ਦੇ ਲੋਕ ਡਰਦੇ ਨਹੀਂ ਹਨ"।

ਇਹ ਉਪ-ਚੋਣ 2022 ਵਿੱਚ ਜਿੱਤੇ 'ਆਪ' ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਇਸ ਸਾਲ ਬਿਮਾਰੀ ਕਾਰਨ ਹੋਏ ਦੇਹਾਂਤ ਤੋਂ ਬਾਅਦ ਹੋਈ ਸੀ। 'ਆਪ' ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾਇਆ ਅਤੇ ਉਨ੍ਹਾਂ ਨੇ ਇਹ ਚੋਣ 12,091 ਵੋਟਾਂ ਦੇ ਫਰਕ ਨਾਲ ਜਿੱਤੀ।