ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ SIT ਅੱਗੇ ਅੱਜ ਪੇਸ਼ ਹੋਣਗੇ ਸੁਖਬੀਰ ਬਾਦਲ

ਫਰੀਦਕੋਟ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ। ਇਸ ਪੇਸ਼ੀ ਦੌਰਾਨ ਬਾਦਲ ਦੀ ਗ੍ਰਿਫ਼ਤਾਰੀ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਹਨ।
ਚੰਡੀਗੜ੍ਹ: ਫਰੀਦਕੋਟ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ। ਇਸ ਪੇਸ਼ੀ ਦੌਰਾਨ ਬਾਦਲ ਦੀ ਗ੍ਰਿਫ਼ਤਾਰੀ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਦੇ ਬਿਆਨ ਨੇ ਵਧਾਈ ਹਲਚਲ
SIT ਨੇ ਸੁਖਬੀਰ ਬਾਦਲ ਨੂੰ 16 ਜੁਲਾਈ ਨੂੰ ਸੰਮਨ ਭੇਜੇ ਸਨ। ਇਸ ਤੋਂ ਠੀਕ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਸ਼ਿਆਰਪੁਰ ਅਤੇ ਮੁਕੇਰੀਆਂ ਵਿੱਚ ਇੱਕ ਜਨਸਭਾ ਦੌਰਾਨ ਦਾਅਵਾ ਕੀਤਾ ਸੀ ਕਿ ਹੁਣ ਸੁਖਬੀਰ ਬਾਦਲ ਦੀ ਜੇਲ੍ਹ ਜਾਣ ਦੀ ਵਾਰੀ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।

ਘਟਨਾ ਸਥਾਨਾਂ ਦਾ ਦੌਰਾ ਅਤੇ ਪੁੱਛਗਿੱਛ
ਜੁਲਾਈ 2026 ਦੀ ਸ਼ੁਰੂਆਤ ਵਿੱਚ ਡੀ.ਆਈ.ਜੀ. ਹਰਜੀਤ ਸਿੰਘ ਦੀ ਅਗਵਾਈ ਵਾਲੀ ਨਵੀਂ SIT ਨੇ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਬਹਿਬਲ ਕਲਾਂ ਦਾ ਦੌਰਾ ਕਰਕੇ ਪੂਰੇ ਘਟਨਾਕ੍ਰਮ ਨੂੰ ਮੁੜ ਤੋਂ ਰੀ-ਕ੍ਰਿਏਟ  ਕੀਤਾ ਸੀ। ਇਸ ਜਾਂਚ ਦੌਰਾਨ ਟੀਮ ਨੇ ਸਬੂਤਾਂ ਦਾ ਮਿਲਾਨ ਕੀਤਾ ਅਤੇ ਬਾਜਾਖਾਨਾ ਥਾਣੇ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ। 

ਜੱਥੇਦਾਰ ਅਤੇ ਹੋਰ ਆਗੂਆਂ ਦੇ ਬਿਆਨ ਦਰਜ
ਇਸ ਮਾਮਲੇ ਵਿੱਚ SIT ਨੇ ਜੂਨ ਅਤੇ ਜੁਲਾਈ 2026 ਦੌਰਾਨ ਕਈ ਅਹਿਮ ਸ਼ਖਸੀਅਤਾਂ ਤੋਂ ਪੁੱਛਗਿੱਛ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੂਨ 2026 ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ, ਜੋ ਕਿ ਸੁਖਬੀਰ ਬਾਦਲ ਵੱਲੋਂ ਦਸੰਬਰ 2024 ਵਿੱਚ ਮੰਗੀ ਗਈ ਮੁਆਫੀ ਨਾਲ ਸਬੰਧਤ ਸੀ। ਭਾਜਪਾ ਆਗੂ ਵਿਜੇ ਸਾਂਪਲਾ, ਸਾਬਕਾ ਓ.ਐੱਸ.ਡੀ. ਗਗਨਦੀਪ ਸਿੰਘ ਬਰਾੜ, ਤਤਕਾਲੀ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਅਤੇ ਅਕਾਲੀ ਆਗੂ ਮੰਤਾਰ ਸਿੰਘ ਬਰਾੜ ਤੋਂ ਵੀ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

2015 ਦੇ ਮਾਮਲਿਆਂ 'ਤੇ ਟਿਕੀ ਜਾਂਚ
SIT ਦੀ ਇਹ ਪੂਰੀ ਕਾਰਵਾਈ ਸਾਲ 2015 ਵਿੱਚ ਬਾਜਾਖਾਨਾ ਥਾਣੇ ਵਿੱਚ ਦਰਜ ਹੋਏ ਦੋ ਵੱਖ-ਵੱਖ ਮਾਮਲਿਆਂ (14 ਅਕਤੂਬਰ ਅਤੇ 21 ਅਕਤੂਬਰ 2015) 'ਤੇ ਆਧਾਰਿਤ ਹੈ। ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਹੋਏ ਗੋਲੀਕਾਂਡ ਨੇ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਮਾਹੌਲ 'ਤੇ ਡੂੰਘਾ ਅਸਰ ਪਾਇਆ ਸੀ ਅਤੇ ਹੁਣ SIT ਅਹਿਮ ਆਗੂਆਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।