ਆਸਟ੍ਰੇਲੀਆ 'ਚ ਪੜ੍ਹਾਈ ਮਹਿੰਗੀ! ਸਟੂਡੈਂਟ ਵੀਜ਼ਾ ਫੀਸ 'ਚ 25 ਫੀਸਦੀ ਵਾਧਾ, ਪੰਜਾਬੀਆਂ 'ਤੇ ਪਵੇਗਾ ਸਭ ਤੋਂ ਵੱਧ ਅਸਰ

ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਵੱਡੀ ਖ਼ਬਰ ਹੈ। ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ, 2026 ਤੋਂ ਸਟੂਡੈਂਟ ਵੀਜ਼ਾ ਅਰਜ਼ੀ ਫੀਸ ਵਿਚ 25 ਫੀਸਦੀ ਦਾ ਭਾਰੀ ਵਾਧਾ ਕਰ ਦਿੱਤਾ ਹੈ। ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀਆਂ 'ਤੇ ਪੈਣ ਦੀ ਸੰਭਾਵਨਾ ਹੈ।
ਮੈਲਬੋਰਨ : ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਵੱਡੀ ਖ਼ਬਰ ਹੈ। ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ, 2026 ਤੋਂ ਸਟੂਡੈਂਟ ਵੀਜ਼ਾ ਅਰਜ਼ੀ ਫੀਸ ਵਿਚ 25 ਫੀਸਦੀ ਦਾ ਭਾਰੀ ਵਾਧਾ ਕਰ ਦਿੱਤਾ ਹੈ। ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀਆਂ 'ਤੇ ਪੈਣ ਦੀ ਸੰਭਾਵਨਾ ਹੈ।

ਹੁਣ 1.70 ਲੱਖ ਰੁਪਏ ਤੱਕ ਪਹੁੰਚੇਗੀ ਵੀਜ਼ਾ ਲਾਗਤ
ਨਵੇਂ ਨਿਯਮਾਂ ਅਨੁਸਾਰ, ਸਟੂਡੈਂਟ ਵੀਜ਼ਾ ਫੀਸ 2,000 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 2,500 ਆਸਟ੍ਰੇਲੀਆਈ ਡਾਲਰ (ਲਗਭਗ 1.64 ਲੱਖ ਰੁਪਏ) ਕਰ ਦਿੱਤੀ ਗਈ ਹੈ। ਜੇਕਰ ਇਸ ਵਿਚ ਬਾਇਓਮੀਟ੍ਰਿਕ ਫੀਸ ਵੀ ਜੋੜ ਦਿੱਤੀ ਜਾਵੇ ਤਾਂ ਭਾਰਤੀ ਵਿਦਿਆਰਥੀਆਂ ਲਈ ਕੁੱਲ ਅਰਜ਼ੀ ਲਾਗਤ ਲਗਭਗ 1.70 ਲੱਖ ਰੁਪਏ ਤੱਕ ਪਹੁੰਚ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਇਹ ਸਖ਼ਤ ਕਦਮ ਦੇਸ਼ ਦੀ ਆਰਥਿਕਤਾ ਵਿਚ ਪੈਦਾ ਹੋਏ ਨੌਕਰੀਆਂ ਦੇ ਸੰਕਟ ਨਾਲ ਨਿਪਟਣ ਲਈ ਚੁੱਕਿਆ ਹੈ।

ਵੀਜ਼ਾ ਜਾਰੀ ਹੋਣ ਦੀ ਦਰ 'ਚ ਗਿਰਾਵਟ
ਅੰਕੜੇ ਦੱਸਦੇ ਹਨ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਦੀ ਦਰ ਵਿਚ ਕਮੀ ਆਈ ਹੈ। ਸਾਲ 2022-23 ਵਿਚ ਜਿੱਥੇ 1,02,696 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਸੀ, ਉੱਥੇ ਹੀ ਸਾਲ 2024-25 ਵਿੱਚ ਇਹ ਗਿਣਤੀ ਘਟ ਕੇ ਸਿਰਫ਼ 48,536 ਰਹਿ ਗਈ ਹੈ। ਫੀਸਾਂ ਵਿੱਚ ਲਗਾਤਾਰ ਵਾਧੇ ਕਾਰਨ ਪਿਛਲੇ ਦੋ-ਤਿੰਨ ਸਾਲਾਂ ਤੋਂ ਸਟੂਡੈਂਟ ਵੀਜ਼ਾ ਦੀ ਮੰਗ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਅਰਜ਼ੀਆਂ ਦੀ ਗਿਣਤੀ ਵਿਚ ਫਿਰ ਵੀ ਉਛਾਲ
ਹੈਰਾਨੀ ਦੀ ਗੱਲ ਇਹ ਹੈ ਕਿ ਫੀਸਾਂ ਵਧਣ ਦੇ ਬਾਵਜੂਦ ਭਾਰਤ ਤੋਂ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ ਵਿਚ ਲਗਭਗ 4 ਗੁਣਾ ਵਾਧਾ ਹੋਇਆ ਹੈ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ 55 ਅਰਬ ਡਾਲਰ ਦੀ ਆਰਥਿਕਤਾ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ ਅਤੇ ਇਸ ਨਾਲ ਲੱਖਾਂ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਦੂਜੇ ਪਾਸੇ, ਕੁਝ ਗੈਰ-ਰਿਫੰਡੇਬਲ ਵੀਜ਼ਾ ਅਰਜ਼ੀ ਫੀਸਾਂ ਵਿਚ ਵੀ ਵਾਧਾ ਕੀਤਾ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਵਿਚ ਫੀਸਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।