ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ IPL ਤੋਂ ਲਿਆ ਸੰਨਿਆਸ, ਸਾਂਝੀ ਕੀਤੀ ਪੋਸਟ

ਟੀਮ ਇੰਡੀਆ ਦੇ ਤਜਰਬੇਕਾਰ ਸਪਿਨਰ ਅਸ਼ਵਿਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ IPL ਵਿੱਚ ਖੇਡਦੇ ਨਹੀਂ ਦਿਖਾਈ ਦੇਣਗੇ

ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਦੇ ਤਜਰਬੇਕਾਰ ਸਪਿਨਰ ਅਸ਼ਵਿਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ IPL ਵਿੱਚ ਖੇਡਦੇ ਨਹੀਂ ਦਿਖਾਈ ਦੇਣਗੇ ਪਰ ਉਹ ਦੁਨੀਆ ਭਰ ਵਿੱਚ ਚੱਲ ਰਹੀਆਂ ਸਾਰੀਆਂ ਟੀ-20 ਫ੍ਰੈਂਚਾਇਜ਼ੀ ਲੀਗਾਂ ਦੀ ਪੜਚੋਲ ਕਰਨਗੇ।

ਦੱਸ ਦਈਏ ਕਿ ਅਸ਼ਵਿਨ ਨੇ 18 ਦਸੰਬਰ 2024 ਨੂੰ ਆਸਟ੍ਰੇਲੀਆ ਵਿਰੁੱਧ ਗਾਬਾ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ, ਜਦੋਂ ਉਸ ਨੇ IPL 'ਚ ਖੇਡਣਾ ਜਾਰੀ ਰੱਖਣ ਦੀ ਗੱਲ ਕੀਤੀ ਸੀ। ਉਹ IPL 2025 'ਚ ਚੇਨਈ ਸੁਪਰ ਕਿੰਗਜ਼ ਲਈ ਖੇਡਿਆ। ਜਿੱਥੇ ਉਸ ਨੇ 9 ਮੈਚਾਂ 'ਚ 7 ​​ਵਿਕਟਾਂ ਲਈਆਂ ਅਤੇ 33 ਦੌੜਾਂ ਬਣਾਈਆਂ। ਅਸ਼ਵਿਨ 2025 'ਚ ਸੀਐਸਕੇ ਦੇ ਸੰਘਰਸ਼ ਦੌਰਾਨ ਹੋਰ ਵਿਵਾਦਾਂ 'ਚ ਵੀ ਸ਼ਾਮਲ ਸੀ। ਹਾਲ ਹੀ 'ਚ ਉਸ ਨੇ ਡਿਵਾਲਡ ਬ੍ਰੇਵਿਸ 'ਤੇ ਵੀ ਟਿੱਪਣੀ ਕੀਤੀ, ਜਿੱਥੇ ਉਸ ਨੇ ਕਿਹਾ ਕਿ ਉਸ ਨੂੰ ਵਧੇਰੇ ਪੈਸੇ ਦਿੱਤੇ ਗਏ ਸਨ। ਬਾਅਦ 'ਚ ਉਸ ਨੇ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੱਤਾ।

38 ਸਾਲਾ ਆਫ ਸਪਿਨਰ ਅਸ਼ਵਿਨ ਨੇ 221 ਆਈਪੀਐਲ ਮੈਚਾਂ 'ਚ 187 ਵਿਕਟਾਂ ਲਈਆਂ। ਉਸ ਦਾ ਇਕਾਨਮੀ ਰੇਟ 7.20 ਸੀ। ਉਸ ਦੀ ਸਭ ਤੋਂ ਵਧੀਆ ਗੇਂਦਬਾਜ਼ੀ 4/34 ਸੀ। ਇਸ ਤੋਂ ਇਲਾਵਾ, ਉਸ ਨੇ 98 ਪਾਰੀਆਂ 'ਚ 833 ਦੌੜਾਂ ਬਣਾਈਆਂ। ਉਸ ਦਾ ਸਭ ਤੋਂ ਵੱਧ ਸਕੋਰ 50 ਸੀ। ਅਸ਼ਵਿਨ ਇੰਡੀਅਨ ਪ੍ਰੀਮੀਅਰ ਲੀਗ 'ਚ 5 ਟੀਮਾਂ ਲਈ ਖੇਡ ਚੁੱਕਿਆ ਹੈ। ਉਹ ਚੇਨਈ ਸੁਪਰ ਕਿੰਗਜ਼, ਪੰਜਾਬ ਕਿੰਗਜ਼, ਦਿੱਲੀ ਕੈਪੀਟਲਜ਼, ਰਾਜਸਥਾਨ ਰਾਇਲਜ਼ ਅਤੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਖੇਡਿਆ। ਉਸ ਨੇ ਟੂਰਨਾਮੈਂਟ 'ਚ ਪੰਜਾਬ ਦੀ ਕਪਤਾਨੀ ਵੀ ਕੀਤੀ।ਅਸ਼ਵਿਨ ਨੇ IPL ਟੂਰਨਾਮੈਂਟ ਦੇ ਇਤਿਹਾਸ 'ਚ ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਸੁਨੀਲ ਨਰੇਨ ਅਤੇ ਪਿਊਸ਼ ਚਾਵਲਾ ਤੋਂ ਬਾਅਦ ਪੰਜਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵਜੋਂ ਸੰਨਿਆਸ ਲਿਆ।

IPL ਰਿਟਾਇਰਮੈਂਟ ਪੋਸਟ 'ਚ ਕੀ ਲਿਖਿਆ?

ਆਪਣੇ ਅਧਿਕਾਰਤ ਐਕਸ ਹੈਂਡਲ 'ਤੇ IPL ਤੋਂ ਆਪਣੀ ਸੰਨਿਆਸ ਬਾਰੇ ਜਾਣਕਾਰੀ ਦਿੰਦੇ ਹੋਏ, ਆਰ ਅਸ਼ਵਿਨ ਨੇ ਲਿਖਿਆ, "ਉਹ ਕਹਿੰਦੇ ਹਨ ਕਿ ਹਰ ਅੰਤ ਦੇ ਨਾਲ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ, IPL ਕ੍ਰਿਕਟਰ ਵਜੋਂ ਮੇਰਾ ਸਮਾਂ ਅੱਜ ਖਤਮ ਹੁੰਦਾ ਹੈ ਪਰ ਵੱਖ-ਵੱਖ ਲੀਗਾਂ ਵਿੱਚ ਖੇਡ ਦੇ ਖੋਜੀ ਵਜੋਂ ਮੇਰਾ ਸਮਾਂ ਅੱਜ ਤੋਂ ਸ਼ੁਰੂ ਹੁੰਦਾ ਹੈ।" IPL  2025 ਦੀ ਮੈਗਾ ਨਿਲਾਮੀ 'ਚ, ਚੇਨਈ ਸੁਪਰ ਕਿੰਗਜ਼ ਨੇ ਆਰ ਅਸ਼ਵਿਨ ਨੂੰ 9.75 ਕਰੋੜ ਰੁਪਏ 'ਚ ਖਰੀਦਿਆ ਪਰ ਚੇਨਈ ਦੀਆਂ ਪਿੱਚਾਂ 'ਤੇ ਵੀ ਉਸ ਦਾ ਪ੍ਰਦਰਸ਼ਨ ਉਮੀਦਾਂ 'ਤੇ ਖਰਾ ਨਹੀਂ ਉਤਰਿਆ। ਬਾਅਦ ਚ ਉਸ ਨੂੰ ਪਲੇਇੰਗ ਇਲੈਵਨ ਤੋਂ ਵੀ ਬਾਹਰ ਕਰ ਦਿੱਤਾ ਗਿਆ।