ਸਮ੍ਰਿਤੀ ਮੰਧਾਨਾ ਨੇ ਰਚਿਆ ਇਤਿਹਾਸ! T20I 'ਚ 600 ਚੌਕੇ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਬਣੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿਚ ਇੱਕ ਅਜਿਹਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਜਿਸ ਦੇ ਆਸ-ਪਾਸ ਦੁਨੀਆ ਦਾ ਕੋਈ ਵੀ ਪੁਰਸ਼ ਜਾਂ ਮਹਿਲਾ ਕ੍ਰਿਕਟਰ ਨਹੀਂ ਹੈ।
ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿਚ ਇੱਕ ਅਜਿਹਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਜਿਸ ਦੇ ਆਸ-ਪਾਸ ਦੁਨੀਆ ਦਾ ਕੋਈ ਵੀ ਪੁਰਸ਼ ਜਾਂ ਮਹਿਲਾ ਕ੍ਰਿਕਟਰ ਨਹੀਂ ਹੈ। ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਨੀਦਰਲੈਂਡ ਖ਼ਿਲਾਫ਼ ਖੇਡਦਿਆਂ ਮੰਧਾਨਾ ਟੀ-20 ਇੰਟਰਨੈਸ਼ਨਲ ਵਿੱਚ 600 ਚੌਕੇ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ।  

ਦਿੱਗਜ ਪੁਰਸ਼ ਖਿਡਾਰੀਆਂ ਨੂੰ ਛੱਡਿਆ ਪਿੱਛੇ  
ਸਮ੍ਰਿਤੀ ਨੇ ਇਸ ਉਪਲਬਧੀ ਨਾਲ ਪਾਕਿਸਤਾਨ ਦੇ ਬਾਬਰ ਆਜ਼ਮ ਅਤੇ ਭਾਰਤ ਦੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਨੂੰ ਮਾਤ ਦਿੱਤੀ ਹੈ। ਜਿੱਥੇ ਮੰਧਾਨਾ ਦੇ ਨਾਮ ਹੁਣ 604 ਚੌਕੇ ਦਰਜ ਹਨ, ਉੱਥੇ ਹੀ ਪੁਰਸ਼ ਕ੍ਰਿਕਟ ਵਿੱਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਬਾਬਰ ਆਜ਼ਮ (477) ਉਨ੍ਹਾਂ ਤੋਂ 100 ਤੋਂ ਵੱਧ ਚੌਕੇ ਪਿੱਛੇ ਹਨ। ਇਸ ਸੂਚੀ ਵਿੱਚ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ 521 ਚੌਕਿਆਂ ਨਾਲ ਦੂਜੇ ਸਥਾਨ 'ਤੇ ਹੈ।  

ਰਨ ਬਣਾਉਣ 'ਚ ਵੀ ਨੰਬਰ-1  
ਮੰਧਾਨਾ ਨੇ ਹੁਣ ਤੱਕ 168 ਟੀ-20 ਮੈਚਾਂ ਵਿੱਚ 4,475 ਰਨ ਬਣਾਏ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ 35 ਅਰਧ-ਸੈਂਕੜੇ ਸ਼ਾਮਲ ਹਨ। ਉਹ ਟੀ-20 ਅੰਤਰਰਾਸ਼ਟਰੀ ਵਿੱਚ 4,000 ਰਨ ਪੂਰੇ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਅਤੇ ਦੁਨੀਆ ਦੀ ਸਭ ਤੋਂ ਤੇਜ਼ ਬੱਲੇਬਾਜ਼ ਵੀ ਹੈ। ਇਸ ਦੇ ਨਾਲ ਹੀ, ਉਹ ਭਾਰਤ ਵੱਲੋਂ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਨੂੰ ਮਿਲਾ ਕੇ ਟੀ-20 ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੀ ਖਿਡਾਰਨ ਬਣ ਗਈ ਹੈ।  

T20I 'ਚ ਸਭ ਤੋਂ ਵੱਧ ਚੌਕੇ ਲਗਾਉਣ ਵਾਲੇ ਖਿਡਾਰੀ  
ਸਮ੍ਰਿਤੀ ਮੰਧਾਨਾ (ਭਾਰਤ): 604
ਸੂਜ਼ੀ ਬੇਟਸ (ਨਿਊਜ਼ੀਲੈਂਡ): 521
ਬਾਬਰ ਆਜ਼ਮ (ਪਾਕਿਸਤਾਨ): 477
ਪੌਲ ਸਟਰਲਿੰਗ (ਆਇਰਲੈਂਡ): 449
ਰੋਹਿਤ ਸ਼ਰਮਾ (ਭਾਰਤ): 383
ਵਿਰਾਟ ਕੋਹਲੀ (ਭਾਰਤ): 369