'ਖੁਦ ਆ ਕੇ ਗਾ ਲਓ...', ਰੋਪੜ 'ਚ ਲਾਈਵ ਸ਼ੋਅ ਦੌਰਾਨ ਭੜਕੇ ਪੰਜਾਬੀ ਗਾਇਕ G Khan

ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸਥਿਤ ਪਿੰਡ ਬਾਮੰਡਾ ਵਿਖੇ ਆਯੋਜਿਤ ਇੱਕ ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਜੀ ਖਾਨ ਵੱਲੋਂ ਸਟੇਜ 'ਤੇ ਹਾਈ ਵੋਲਟੇਜ ਡਰਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਦਰਬਾਰ ਗੁਪਤ ਸ਼ਾਹ ਦੇ 18ਵੇਂ ਸਾਲਾਨਾ ਮੇਲੇ ਵਿੱਚ ਪਰਫਾਰਮੈਂਸ ਦੇ ਰਹੇ ਜੀ ਖਾਨ ਨੇ ਅਚਾਨਕ ਗਾਣਾ ਵਿਚਾਲੇ ਰੋਕ ਦਿੱਤਾ ਅਤੇ ਦਰਸ਼ਕਾਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਰੋਪੜ/ਮੋਰਿੰਡਾ : ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸਥਿਤ ਪਿੰਡ ਬਾਮੰਡਾ ਵਿਖੇ ਆਯੋਜਿਤ ਇੱਕ ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਜੀ ਖਾਨ ਵੱਲੋਂ ਸਟੇਜ 'ਤੇ ਹਾਈ ਵੋਲਟੇਜ ਡਰਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਦਰਬਾਰ ਗੁਪਤ ਸ਼ਾਹ ਦੇ 18ਵੇਂ ਸਾਲਾਨਾ ਮੇਲੇ ਵਿੱਚ ਪਰਫਾਰਮੈਂਸ ਦੇ ਰਹੇ ਜੀ ਖਾਨ ਨੇ ਅਚਾਨਕ ਗਾਣਾ ਵਿਚਾਲੇ ਰੋਕ ਦਿੱਤਾ ਅਤੇ ਦਰਸ਼ਕਾਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

"ਮੈਂ ਨਹੀਂ ਗਾਉਂਦਾ ਯਾਰ..."
ਲਾਈਵ ਸ਼ੋਅ ਦੌਰਾਨ ਭੀੜ ਵੱਲੋਂ ਲਗਾਤਾਰ ਹੋ ਰਹੇ ਸ਼ੋਰ-ਸ਼ਰਾਬੇ ਅਤੇ ਵੱਖ-ਵੱਖ ਗਾਣਿਆਂ ਦੀ ਫਰਮਾਇਸ਼ ਕਾਰਨ ਗਾਇਕ ਜੀ ਖਾਨ ਦਾ ਪਾਰਾ ਚੜ੍ਹ ਗਿਆ। ਉਨ੍ਹਾਂ ਨੇ ਮਾਈਕ 'ਤੇ ਹੀ ਪ੍ਰਸ਼ੰਸਕਾਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ, "ਮੈਂ ਨਹੀਂ ਗਾਉਂਦਾ ਯਾਰ... ਮੈਂ ਨਹੀਂ ਗਾਉਣਾ। ਜੇ ਪਿੱਛੇ ਖੜ੍ਹੇ ਹੋ ਕੇ ਸੁਣਨਾ ਹੈ ਤਾਂ ਸੁਣੋ, ਨਹੀਂ ਤਾਂ ਰਹਿਣ ਦਿਓ।" ਉਨ੍ਹਾਂ ਅੱਗੇ ਕਿਹਾ ਕਿ ਉਹ ਪਹਿਲਾਂ ਹੀ ਪ੍ਰਸ਼ੰਸਕਾਂ ਦੀਆਂ ਕਈ ਫਰਮਾਇਸ਼ਾਂ ਪੂਰੀਆਂ ਕਰ ਚੁੱਕੇ ਹਨ।

ਪ੍ਰਸ਼ੰਸਕ ਦੀ ਕੀਤੀ ਸਰੇਆਮ ਬੇਇੱਜ਼ਤੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੀ ਖਾਨ ਨੇ ਇੱਕ ਪ੍ਰਸ਼ੰਸਕ ਨੂੰ ਸਰੇਆਮ ਬੇਇੱਜ਼ਤ ਕਰਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ, "ਤੇਰਾ ਪੈੱਗ ਲੱਗਿਆ ਹੋਇਆ ਹੈ, ਤੇਰਾ ਤਾਂ ਇੱਥੇ ਆਉਣਾ ਹੀ ਨਹੀਂ ਬਣਦਾ ਸੀ"। ਸ਼ੁਰੂਆਤ ਵਿੱਚ ਗਾਇਕ ਨੇ ਮਾਹੌਲ ਬਣਾਉਣ ਲਈ 5 ਮਿੰਟ ਦਾ ਸਮਾਂ ਵੀ ਮੰਗਿਆ ਸੀ, ਪਰ ਲਗਾਤਾਰ ਪੈ ਰਹੇ ਰੌਲੇ ਕਾਰਨ ਉਹ ਆਪਣਾ ਆਪਾ ਖੋ ਬੈਠੇ ਅਤੇ ਸ਼ੋਅ ਰੋਕਣ ਦੀ ਧਮਕੀ ਦੇ ਦਿੱਤੀ।

ਪੰਜ ਦਿਨ ਪੁਰਾਣੀ ਹੈ ਵੀਡੀਓ
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰੀਬ ਪੰਜ-ਛੇ ਦਿਨ ਪੁਰਾਣੀ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜੀ ਖਾਨ ਸਟੇਜ 'ਤੇ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਪਿੱਛੇ ਉਨ੍ਹਾਂ ਦੀ ਮਿਊਜ਼ੀਕਲ ਟੀਮ ਤਿਆਰ ਦਿਖਾਈ ਦੇ ਰਹੀ ਹੈ। ਗਾਇਕ ਦੇ ਇਸ ਵਤੀਰੇ ਦੀ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਆਲੋਚਨਾ ਕੀਤੀ ਜਾ ਰਹੀ ਹੈ।