ਪੰਜਾਬ 'ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, 1ਦੀ ਮੌਤ, 4 ਗੰਭੀਰ ਜ਼ਖਮੀ

ਚਸ਼ਮਦੀਦ ਦੁਕਾਨਦਾਰਾਂ ਨੇ ਦੱਸਿਆ ਕਿ ਦੋ ਕਾਰਾਂ ਇੱਕ ਦੂਜੇ ਦਾ ਪਿੱਛਾ ਕਰ ਰਹੀਆਂ ਸਨ। ਇਨ੍ਹਾਂ ਵਿੱਚੋਂ ਇੱਕ ਗੱਡੀ ਸਕੌਰਪੀਓ ਸੀ, ਜਿਸ ਦਾ ਪਿੱਛਾ ਇੱਕ ਦੂਜੀ ਕਾਰ (ਜਿਸ ਵਿੱਚ ਹਮਲਾਵਰ ਸਵਾਰ ਸਨ) ਕਰ ਰਹੀ ਸੀ।
ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਬੱਸ ਸਟੈਂਡ ਨੇੜੇ ਦਿਨ-ਦਿਹਾੜੇ ਗੋਲੀਆਂ ਚੱਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਦੁਕਾਨਦਾਰਾਂ ਦੇ ਅਨੁਸਾਰ, ਇਸ ਦੌਰਾਨ 35 ਤੋਂ 40 ਗੋਲੀਆਂ ਚੱਲੀਆਂ ਦੱਸੀਆਂ ਗਈਆਂ ਹਨ।

ਚਸ਼ਮਦੀਦ ਦੁਕਾਨਦਾਰਾਂ ਨੇ ਦੱਸਿਆ ਕਿ ਦੋ ਕਾਰਾਂ ਇੱਕ ਦੂਜੇ ਦਾ ਪਿੱਛਾ ਕਰ ਰਹੀਆਂ ਸਨ। ਇਨ੍ਹਾਂ ਵਿੱਚੋਂ ਇੱਕ ਗੱਡੀ ਸਕੌਰਪੀਓ ਸੀ, ਜਿਸ ਦਾ ਪਿੱਛਾ ਇੱਕ ਦੂਜੀ ਕਾਰ (ਜਿਸ ਵਿੱਚ ਹਮਲਾਵਰ ਸਵਾਰ ਸਨ) ਕਰ ਰਹੀ ਸੀ। ਜਦੋਂ ਸਕੌਰਪੀਓ ਗੱਡੀ ਭੀੜ ਵਿੱਚ ਫਸ ਗਈ, ਤਾਂ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਕਾਰਨ ਸਕੌਰਪੀਓ ਵਿੱਚ ਸਵਾਰ ਪੰਜ ਨੌਜਵਾਨ, ਜਿਨ੍ਹਾਂ ਦੀ ਪਛਾਣ ਹਨੀ ਬਲ, ਸਾਹਿਲ, ਦੀਪਾ, ਸੂਜਲ ਅਤੇ ਰਿੰਪਲ ਵਜੋਂ ਹੋਈ ਹੈ, ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਬੰਗਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੋਂ ਗੰਭੀਰ ਰੂਪ ਵਿੱਚ ਜ਼ਖਮੀ ਰਿੰਪਲ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।ਮੌਕੇ 'ਤੇ ਮੌਜੂਦ ਇੱਕ ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਪਟਾਕੇ ਚੱਲਣ ਵਰਗੀ ਆਵਾਜ਼ ਆਈ, ਫਿਰ ਇੱਕ, ਦੋ, ਫਿਰ ਤਿੰਨ ਗੋਲੀਆਂ ਚੱਲੀਆਂ। ਉਸ ਨੇ ਅੰਦਾਜ਼ਾ ਲਗਾਇਆ ਕਿ ਕੁੱਲ 35-40 ਗੋਲੀਆਂ ਚੱਲੀਆਂ ਹੋਣਗੀਆਂ। ਉਸ ਨੇ ਅੱਗੇ ਕਿਹਾ ਕਿ ਗੋਲੀਆਂ ਚੱਲਣ ਤੋਂ ਬਾਅਦ ਲੋਕ ਡਰ ਗਏ ਸਨ ਅਤੇ ਕੋਈ ਵੀ ਜ਼ਖਮੀਆਂ ਦੇ ਕੋਲ ਨਹੀਂ ਗਿਆ। ਪੁਲਸ ਨੇ ਆ ਕੇ ਜ਼ਖਮੀ ਹੋਏ ਨੌਜਵਾਨਾਂ ਨੂੰ ਗੱਡੀ ਵਿੱਚੋਂ ਕੱਢਿਆ।

ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਗੋਲੀਆਂ ਨਾਲ ਛਲਣੀ ਹੋਈ ਸਕੌਰਪੀਓ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਗਾ ਸਿਟੀ ਥਾਣਾ ਇੰਚਾਰਜ ਰਾਕੇਸ਼ ਨੇ ਦੱਸਿਆ ਕਿ ਕਿੰਨੇ ਫਾਇਰ ਹੋਏ, ਕਿੰਨੇ ਲੋਕ ਸ਼ਾਮਲ ਸਨ ਅਤੇ ਕਿੰਨੀਆਂ ਗੱਡੀਆਂ ਸਨ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਅਤੇ ਜ਼ਖਮੀ ਹੋਏ ਦੋਵਾਂ ਧਿਰਾਂ ਦੇ ਨੌਜਵਾਨਾਂ ਦਾ ਕ੍ਰਿਮੀਨਲ ਰਿਕਾਰਡ ਹੈ। ਪੁਲਸ ਇਨ੍ਹਾਂ 'ਤੇ ਦਰਜ ਕੇਸਾਂ ਦੀ ਡਿਟੇਲ ਕੱਢ ਰਹੀ ਹੈ। ਸਾਰੇ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ। ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਖਿਲਾਫ ਕੋਈ ਐਫਆਈਆਰ (FIR) ਦਰਜ ਨਹੀਂ ਕੀਤੀ ਗਈ ਹੈ। ਦੁਕਾਨਦਾਰਾਂ ਮੁਤਾਬਕ ਗੋਲੀਆਂ ਚਲਾਉਣ ਵਾਲੇ I-20 ਕਾਰ ਵਿੱਚ ਸਵਾਰ ਸਨ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਸ ਘਟਨਾ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।