ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਗੋਲੀਬਾਰੀ: ਦਹਿਸ਼ਤ 'ਚ ਬਦਲਿਆ ਜਸ਼ਨ ਦਾ ਮਾਹੌਲ

ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਭੀੜ-ਭੜੱਕੇ ਵਾਲੇ ਇਲਾਕੇ Times Square ਵਿਚ ਵੀਰਵਾਰ ਦੀ ਦੁਪਹਿਰ ਨੂੰ ਉਸ ਸਮੇਂ ਅਚਾਨਕ ਦਹਿਸ਼ਤ ਫੈਲ ਗਈ ਜਦੋਂ ਅੰਨ੍ਹੇਵਾਹ ਗੋਲੀਬਾਰੀ ਹੋਈ। ਇਹ ਘਟਨਾ ਉਸ ਵਕਤ ਵਾਪਰੀ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਚੈਂਪੀਅਨ ਬਣੀ ਨਿਊਯਾਰਕ ਨਿਕਸ ਦੀ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣ ਲਈ ਸੜਕਾਂ 'ਤੇ ਉਤਰੇ ਹੋਏ ਸਨ।
ਨਿਊਯਾਰਕ : ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਭੀੜ-ਭੜੱਕੇ ਵਾਲੇ ਇਲਾਕੇ Times Square ਵਿਚ ਵੀਰਵਾਰ ਦੀ ਦੁਪਹਿਰ ਨੂੰ ਉਸ ਸਮੇਂ ਅਚਾਨਕ ਦਹਿਸ਼ਤ ਫੈਲ ਗਈ ਜਦੋਂ ਅੰਨ੍ਹੇਵਾਹ ਗੋਲੀਬਾਰੀ ਹੋਈ। ਇਹ ਘਟਨਾ ਉਸ ਵਕਤ ਵਾਪਰੀ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (NBA) ਚੈਂਪੀਅਨ ਬਣੀ ਨਿਊਯਾਰਕ ਨਿਕਸ ਦੀ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣ ਲਈ ਸੜਕਾਂ 'ਤੇ ਉਤਰੇ ਹੋਏ ਸਨ।

ਪੁਲਸ ਦੀ ਮੌਜੂਦਗੀ ਦੇ ਬਾਵਜੂਦ ਚੱਲੀਆਂ ਗੋਲੀਆਂ
ਨਿਊਯਾਰਕ ਪੁਲਸ ਵਿਭਾਗ (NYPD) ਅਨੁਸਾਰ, ਇਹ ਖੌਫ਼ਨਾਕ ਵਾਕਿਆ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 3:40 ਵਜੇ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਗੋਲੀਬਾਰੀ ਹੋਈ, ਉੱਥੋਂ ਮਹਿਜ਼ ਕੁਝ ਹੀ ਮੀਟਰ ਦੀ ਦੂਰੀ 'ਤੇ ਪੁਲਸ ਦੀ ਗੱਡੀ ਖੜ੍ਹੀ ਸੀ ਅਤੇ ਪੂਰੇ ਇਲਾਕੇ ਵਿਚ ਸੁਰੱਖਿਆ ਲਈ ਲਗਭਗ 10,000 ਪੁਲਸ ਕਰਮਚਾਰੀ ਤਾਇਨਾਤ ਸਨ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ੱਕੀ ਹਮਲਾਵਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਹੈ।

ਇੱਕ ਵਿਅਕਤੀ ਜ਼ਖਮੀ, ਵੀਡੀਓ ਹੋਈ ਵਾਇਰਲ
ਇਸ ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ਵਿੱਚ ਸੈਂਕੜੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਚੀਕਦੇ-ਚਿੱਲਾਉਂਦੇ ਭੱਜਦੇ ਦੇਖਿਆ ਜਾ ਸਕਦਾ ਹੈ। ਨਿਊਯਾਰਕ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਜ਼ਖਮੀ ਦੀ ਹਾਲਤ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਪਹਿਲਾਂ ਵੀ ਹੋ ਚੁੱਕਾ ਹੈ ਅਜਿਹਾ ਹੰਗਾਮਾ
ਨਿਊਯਾਰਕ ਨਿਕਸ ਦੀ ਇਸ ਜਿੱਤ ਤੋਂ ਬਾਅਦ ਇਹ ਪਹਿਲੀ ਵਾਰ ਨਹੀਂ ਹੈ ਕਿ ਹਿੰਸਾ ਹੋਈ ਹੋਵੇ। ਇਸ ਤੋਂ ਪਹਿਲਾਂ 16 ਜੂਨ ਨੂੰ ਵੀ ਟਾਈਮਜ਼ ਸਕੁਏਅਰ 'ਤੇ ਗੋਲੀਆਂ ਚੱਲੀਆਂ ਸਨ ਅਤੇ ਪੁਲਸ ਨੇ ਇੱਕ ਵਿਅਕਤੀ ਕੋਲੋਂ ਲੋਡਿਡ ਬੰਦੂਕ ਬਰਾਮਦ ਕੀਤੀ ਸੀ। ਜ਼ਿਕਰਯੋਗ ਹੈ ਕਿ ਟੀਮ ਨੇ ਪੂਰੇ 53 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਐਨਬੀਏ ਚੈਂਪੀਅਨਸ਼ਿਪ ਜਿੱਤੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਦਾ ਉਤਸ਼ਾਹ ਬੇਕਾਬੂ ਹੋ ਰਿਹਾ ਹੈ। ਪੁਲਸ ਹੁਣ ਫੜੇ ਗਏ ਸ਼ੱਕੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਗੋਲੀਬਾਰੀ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।