ਲੁਧਿਆਣਾ ਦੇ 'ਬਾਥ ਕੈਸਲ' ਵਿੱਚ ਵਿਆਹ ਦੌਰਾਨ ਗੋਲੀਬਾਰੀ: 2 ਲੋਕਾਂ ਦੀ ਮੌਤ, ਮੈਨੇਜਮੈਂਟ 'ਤੇ ਕੇਸ ਦਰਜ

ਪੁਲਸ ਰਿਪੋਰਟਾਂ ਅਨੁਸਾਰ, ਗੋਲੀਬਾਰੀ ਦੀ ਘਟਨਾ ਵਰਿੰਦਰ ਨਾਮਕ ਵਿਅਕਤੀ ਦੇ ਵਿਆਹ ਦੌਰਾਨ ਵਾਪਰੀ। ਵਰਿੰਦਰ ਨੇ ਸ਼ੁਭਮ ਅਗਰਵਾਲ ਅਤੇ ਅੰਕੁਰ ਸਮੇਤ ਕਈ ਦੋਸਤਾਂ ਨੂੰ ਬੁਲਾਇਆ ਸੀ।
ਲੁਧਿਆਣਾ ਦੇ ਮਸ਼ਹੂਰ ਬਾਥ ਕੈਸਲ ਵਿਖੇ ਸ਼ਨੀਵਾਰ ਰਾਤ ਨੂੰ ਇੱਕ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਇਹ ਵਿਆਹ ਇੱਕ ਠੇਕੇਦਾਰ ਪਰਿਵਾਰ ਦਾ ਸ਼ਾਹੀ ਵਿਆਹ ਸੀ, ਜਿਸ ਵਿੱਚ ਲਗਭਗ 800 ਤੋਂ 1000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਇਸ ਗੋਲੀਬਾਰੀ ਦੀ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦੋਵੇਂ ਮਹਿਮਾਨਾਂ ਦੀ ਮੌਤ ਹਸਪਤਾਲ ਵਿੱਚ ਹੋਈ। ਮ੍ਰਿਤਕਾਂ ਵਿੱਚੋਂ ਇੱਕ ਠੇਕੇਦਾਰ ਪਰਿਵਾਰ ਦਾ ਰਿਸ਼ਤੇਦਾਰ, ਜਿਸਦਾ ਨਾਮ ਨੀਰੂ ਹੈ ਅਤੇ ਦੂਜਾ ਜਲੰਧਰ ਦਾ ਇੱਕ ਕਾਰੋਬਾਰੀ ਸ਼ਾਮਲ ਹੈ।

ਪੁਲਸ ਰਿਪੋਰਟਾਂ ਅਨੁਸਾਰ, ਗੋਲੀਬਾਰੀ ਦੀ ਘਟਨਾ ਵਰਿੰਦਰ ਨਾਮਕ ਵਿਅਕਤੀ ਦੇ ਵਿਆਹ ਦੌਰਾਨ ਵਾਪਰੀ। ਵਰਿੰਦਰ ਨੇ ਸ਼ੁਭਮ ਅਗਰਵਾਲ ਅਤੇ ਅੰਕੁਰ ਸਮੇਤ ਕਈ ਦੋਸਤਾਂ ਨੂੰ ਬੁਲਾਇਆ ਸੀ। ਜਾਣਕਾਰੀ ਅਨੁਸਾਰ, ਸ਼ੁਭਮ ਅਤੇ ਅੰਕੁਰ ਵਿਚਕਾਰ ਕਿਸੇ ਕਾਰਨ ਕਰਕੇ ਬਹਿਸ ਸ਼ੁਰੂ ਹੋ ਗਈ। ਇਹ ਬਹਿਸ ਜਲਦੀ ਹੀ ਗਾਲੀ-ਗਲੋਚ ਵਿੱਚ ਬਦਲ ਗਈ ਅਤੇ ਫਿਰ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਦੋਵਾਂ ਗੁੱਟਾਂ ਵਿੱਚ ਸ਼ਾਮਲ 3-4 ਵਿਅਕਤੀਆਂ ਕੋਲ ਹਥਿਆਰ ਸਨ, ਜਿਸ ਕਾਰਨ ਕੁੱਲ 20-25 ਰਾਊਂਡ ਫਾਇਰ ਕੀਤੇ ਗਏ।

ਪੁਲਸ ਘਟਨਾ ਵਾਲੀ ਥਾਂ 'ਤੇ 20 ਮਿੰਟਾਂ ਦੇ ਅੰਦਰ ਪਹੁੰਚ ਗਈ। ਪੁਲਸ ਨੇ ਬਾਥ ਕੈਸਲ ਨੂੰ ਸੀਲ ਕਰ ਦਿੱਤਾ ਹੈ ਅਤੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਹੁਣ ਤੱਕ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦੋਂ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਦਿਖਾਈ ਦੇਣ ਵਾਲੇ 6-7 ਹੋਰ ਵਿਅਕਤੀਆਂ ਨੂੰ ਫੜਨਾ ਬਾਕੀ ਹੈ। ਲੁਧਿਆਣਾ ਦੇ ਪੁਲਸ ਕਮਿਸ਼ਨਰ (CP) ਸਵਪਨ ਸ਼ਰਮਾ ਨੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਮੈਰਿਜ ਪੈਲੇਸਾਂ ਅੰਦਰ ਹਥਿਆਰਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।ਇਸ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬਾਥ ਕੈਸਲ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਲੋਕਾਂ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੇ ਹਥਿਆਰ ਲੈ ਕੇ ਆਉਣ ਵਾਲੇ ਲੋਕਾਂ ਨੂੰ ਵਿਆਹ ਵਿੱਚ ਬੁਲਾਇਆ ਸੀ।

ਸੀ.ਪੀ. ਸ਼ਰਮਾ ਨੇ ਕਿਹਾ ਕਿ ਮੈਰਿਜ ਪੈਲੇਸਾਂ ਨੂੰ ਵਾਰ-ਵਾਰ ਇਹ ਘੋਸ਼ਣਾ ਕਰਨੀ ਚਾਹੀਦੀ ਹੈ ਅਤੇ ਚੈਕਿੰਗ ਲਈ ਫਰਿਸਕਿੰਗ ਗੇਟ ਲਗਾਉਣੇ ਚਾਹੀਦੇ ਹਨ ਤਾਂ ਜੋ ਕੋਈ ਹਥਿਆਰ ਨਾਲ ਦਾਖਲ ਨਾ ਹੋ ਸਕੇ। ਉਨ੍ਹਾਂ ਅੱਗੇ ਕਿਹਾ, "ਅਸੀਂ ਸਬੰਧਤ ਅਥਾਰਟੀ ਨੂੰ ਬਾਥ ਕੈਸਲ ਦਾ ਲਾਇਸੈਂਸ ਰੱਦ ਕਰਨ ਲਈ ਲਿਖਾਂਗੇ"।