ਪੰਜਾਬ 'ਚ ਦਹਿਲਾ ਦੇਣ ਵਾਲੀ ਵਾਰਦਾਤ: ਪਤਨੀ ਤੇ ਸੱਸ ਦਾ ਕਤਲ, ਫਿਰ AK-47 ਨਾਲ ਕੀਤੀ ਖ਼ੁਦਕੁਸ਼ੀ

ਇਹ ਦੁਖਦਾਈ ਵਾਰਦਾਤ ਗੁਰਦਾਸਪੁਰ ਦੇ ਪਿੰਡ ਗੁੱਥੀ ਵਿੱਚ ਇੱਕ ਘਰੇਲੂ ਵਿਵਾਦ ਕਾਰਨ ਸ਼ੁਰੂ ਹੋਈ।
ਗੁਰਦਾਸਪੁਰ ਵਿੱਚ ਇੱਕ ਸਰਕਾਰੀ ਗਾਰਡ ਨੇ ਆਪਣੀ ਪਤਨੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਦੋਸ਼ੀ ਇੱਕ ਸਰਕਾਰੀ ਕੁਆਰਟਰ ਵਿੱਚ ਲੁਕ ਗਿਆ ਅਤੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਕੇ ਉਸ ਨੇ ਖੁਦਕੁਸ਼ੀ ਕਰ ਲਈ। ਗੁਰਦਾਸਪੁਰ ਦੇ ਐਸਐਸਪੀ ਆਦਿਤਿਆ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਇਹ ਦੁਖਦਾਈ ਵਾਰਦਾਤ ਗੁਰਦਾਸਪੁਰ ਦੇ ਪਿੰਡ ਗੁੱਥੀ ਵਿੱਚ ਇੱਕ ਘਰੇਲੂ ਵਿਵਾਦ ਕਾਰਨ ਸ਼ੁਰੂ ਹੋਈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਇੱਕ ਨਿੱਜੀ ਕੰਪਨੀ ਪੈਸਕੋ (PASCO) ਦੇ ਗਾਰਡ ਵਜੋਂ ਤਾਇਨਾਤ ਸੀ। ਗੁਰਪ੍ਰੀਤ ਸਿੰਘ ਆਪਣੀ ਸਰਕਾਰੀ AK-47 ਰਾਈਫਲ ਲੈ ਕੇ ਘਰ ਪਹੁੰਚਿਆ। ਰਾਤ ਕਰੀਬ 3 ਵਜੇ, ਉਸਨੇ ਆਪਣੀ ਪਤਨੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀਬਾਰੀ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਵਾਰਦਾਤ ਤੋਂ ਬਾਅਦ, ਗੁਰਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਗੁਰਦਾਸਪੁਰ ਦੀ '7 ਨੰਬਰ ਸਕੀਮ' ਦੇ ਸਰਕਾਰੀ ਕੁਆਰਟਰਾਂ ਵਿੱਚ ਜਾ ਕੇ ਲੁਕ ਗਿਆ।

ਪੁਲਸ ਨੂੰ ਸੂਚਨਾ ਮਿਲੀ ਤਾਂ ਕਈ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਪੂਰੀ ਇਮਾਰਤ ਨੂੰ ਘੇਰ ਲਿਆ। ਪੁਲਸ ਨੇ ਉਸਨੂੰ ਆਵਾਜ਼ ਦੇ ਕੇ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਲਗਾਤਾਰ ਕਰੀਬ ਇੱਕ ਘੰਟੇ ਤੱਕ ਸਮਝਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਇਸ ਦੌਰਾਨ, ਦੋਸ਼ੀ ਪੁਲਸ ਨੂੰ ਧਮਕਾਉਂਦੇ ਹੋਏ ਚੀਕਣ ਲੱਗਾ ਕਿ ਉਹ ਖੁਦ ਨੂੰ ਗੋਲੀ ਮਾਰ ਲਵੇਗਾ। ਗੁਰਪ੍ਰੀਤ ਨੇ ਪੁਲਸ ਦੀਆਂ ਅਪੀਲਾਂ ਨੂੰ ਠੁਕਰਾਉਂਦੇ ਹੋਏ ਆਪਣੇ ਫੈਸਲੇ 'ਤੇ ਅੜਿੱਗ ਰਿਹਾ। ਉਸਨੇ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।
ਪਰਿਵਾਰਕ ਤਣਾਅ ਪਰਿਵਾਰ ਨੇ ਦੱਸਿਆ ਕਿ ਗੁਰਪ੍ਰੀਤ ਅਤੇ ਉਸਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਤਣਾਅ ਚੱਲ ਰਿਹਾ ਸੀ। ਗੁਰਪ੍ਰੀਤ ਦੀ ਸਾਲੀ ਪਰਮਿੰਦਰ ਕੌਰ ਨੇ ਵੀ ਦੱਸਿਆ ਕਿ 2016 ਵਿੱਚ ਹੋਏ ਵਿਆਹ ਤੋਂ ਬਾਅਦ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਜਿਸਨੂੰ ਇਸ ਘਟਨਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।ਐਸਐਸਪੀ ਆਦਿਤਿਆ ਨੇ ਕਿਹਾ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਸਨ ਅਤੇ ਸਾਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ, ਅਤੇ ਉਹ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ।