ਲੁਧਿਆਣਾ 'ਚ ਸ਼ਰਮਨਾਕ ਕਾਰਾ! ਨਸ਼ੀਲੀ ਕੋਲਡ ਡ੍ਰਿੰਕ ਪਿਲਾ ਕੇ ਨਾਬਾਲਗ ਕੁੜੀ ਦਾ ਰੋਲੀ ਪੱਤ

ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਇੱਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ (ਗੈਂਗਰੇਪ) ਕਰਨ ਦਾ ਬੇਹੱਦ ਹੀ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਤਿੰਨ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਪੋਕਸੋ (POCSO) ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਲੁਧਿਆਣਾ : ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਇੱਕ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ (ਗੈਂਗਰੇਪ) ਕਰਨ ਦਾ ਬੇਹੱਦ ਹੀ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਤਿੰਨ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਪੋਕਸੋ (POCSO) ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਰਸਤੇ ਵਿੱਚੋਂ ਅਗਵਾ ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ
ਜਾਣਕਾਰੀ ਅਨੁਸਾਰ, ਸ਼ੇਰਪੁਰ ਕਲਾਂ (ਮੋਤੀ ਨਗਰ) ਇਲਾਕੇ ਵਿੱਚ ਕਿਰਾਏ 'ਤੇ ਰਹਿਣ ਵਾਲੇ ਇੱਕ ਪਰਿਵਾਰ ਦੀ 16 ਸਾਲਾ ਧੀ 21 ਜੁਲਾਈ ਨੂੰ ਘਰੋਂ ਫੈਕਟਰੀ ਵਿੱਚ ਕੰਮ ਕਰਨ ਲਈ ਨਿਕਲੀ ਸੀ। ਰਸਤੇ ਵਿੱਚ ਮੁਲਜ਼ਮ ਮਨੀਸ਼ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਸੌਰਵ ਕੁਮਾਰ ਤੇ ਨਰੇਸ਼ ਕੁਮਾਰ ਨੇ ਉਸ ਨੂੰ ਬਹਿਲਾ-ਫੁਸਲਾ ਕੇ ਆਪਣੀ ਗੱਡੀ ਵਿੱਚ ਬਿਠਾ ਲਿਆ।

ਨਸ਼ੀਲਾ ਪਦਾਰਥ ਪਿਲਾ ਕੇ ਕੀਤਾ ਬਲਾਤਕਾਰ
ਮੁਲਜ਼ਮ ਪੀੜਤਾ ਨੂੰ ਕਿਸੇ ਸੁਨਸਾਨ ਜਗ੍ਹਾ 'ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਕੁੜੀ ਨੂੰ ਕੋਲਡ ਡ੍ਰਿੰਕ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ। ਜਦੋਂ ਕੁੜੀ ਬੇਸੁਧ ਹੋ ਗਈ, ਤਾਂ ਤਿੰਨਾਂ ਮੁਲਜ਼ਮਾਂ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੇ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਘਰ ਦੇ ਪਿੱਛੇ ਵਾਲੀ ਗਲੀ ਵਿੱਚ ਬੇਸੁਧ ਹਾਲਤ ਵਿੱਚ ਛੱਡ ਕੇ ਫ਼ਰਾਰ ਹੋ ਗਏ।

ਪਰਿਵਾਰ ਨੇ ਲੱਭਿਆ ਤਾਂ ਖੁੱਲ੍ਹਿਆ ਭੇਤ
ਜਦੋਂ ਕੁੜੀ ਫੈਕਟਰੀ ਨਹੀਂ ਪਹੁੰਚੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਕਾਫ਼ੀ ਮੁਸ਼ੱਕਤ ਤੋਂ ਬਾਅਦ ਉਹ ਘਰ ਦੇ ਪਿੱਛੇ ਗਲੀ ਵਿੱਚ ਡਰੀ-ਸਹਿਮੀ ਅਤੇ ਰੋਂਦੀ ਹੋਈ ਹਾਲਤ ਵਿੱਚ ਮਿਲੀ। ਪੀੜਤਾ ਨੇ ਆਪਣੀ ਮਾਂ ਨੂੰ ਹੱਡਬੀਤੀ ਸੁਣਾਈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਕਾਰਵਾਈ ਅਤੇ ਛਾਪੇਮਾਰੀ
ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਮਨੀਸ਼ ਕੁਮਾਰ, ਨਰੇਸ਼ ਕੁਮਾਰ ਅਤੇ ਸੌਰਵ ਕੁਮਾਰ ਵਜੋਂ ਕੀਤੀ ਹੈ। ਉਨ੍ਹਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 70(2) (ਸਮੂਹਿਕ ਬਲਾਤਕਾਰ), 96, 351(2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।