ਇਨਸਾਨੀਅਤ ਸ਼ਰਮਸਾਰ! ਸਮਰਾਲਾ ਸਿਵਲ ਹਸਪਤਾਲ ਦੀ ਮੋਰਚਰੀ ਦੇ ਬਾਹਰ ਜ਼ਮੀਨ 'ਤੇ ਛੱਡੀ ਲਾਸ਼

ਲੁਧਿਆਣਾ ਦੇ ਕਸਬਾ ਸਮਰਾਲਾ ਸਥਿਤ ਸਿਵਲ ਹਸਪਤਾਲ ਵਿੱਚ ਇੱਕ ਮ੍ਰਿਤਕ ਦੀ ਦੇਹ ਨੂੰ ਮੋਰਚਰੀ ਦੇ ਬਾਹਰ ਖੁੱਲ੍ਹੇ ਵਿੱਚ ਜ਼ਮੀਨ 'ਤੇ ਰੱਖੇ ਜਾਣ ਦੇ ਮਾਮਲੇ ਨੇ ਵੱਡਾ ਤੂਲ ਫੜ ਲਿਆ ਹੈ। ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਇਸ ਘਟਨਾ ਦਾ ਸੁਓ ਮੋਟੋ ਨੋਟਿਸ ਲੈਂਦਿਆਂ ਹਸਪਤਾਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸਮਰਾਲਾ : ਲੁਧਿਆਣਾ ਦੇ ਕਸਬਾ ਸਮਰਾਲਾ ਸਥਿਤ ਸਿਵਲ ਹਸਪਤਾਲ ਵਿੱਚ ਇੱਕ ਮ੍ਰਿਤਕ ਦੀ ਦੇਹ ਨੂੰ ਮੋਰਚਰੀ ਦੇ ਬਾਹਰ ਖੁੱਲ੍ਹੇ ਵਿੱਚ ਜ਼ਮੀਨ 'ਤੇ ਰੱਖੇ ਜਾਣ ਦੇ ਮਾਮਲੇ ਨੇ ਵੱਡਾ ਤੂਲ ਫੜ ਲਿਆ ਹੈ। ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਇਸ ਘਟਨਾ ਦਾ ਸੁਓ ਮੋਟੋ ਨੋਟਿਸ ਲੈਂਦਿਆਂ ਹਸਪਤਾਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਮ੍ਰਿਤਕ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ
ਕਮਿਸ਼ਨ ਨੇ 28 ਜੁਲਾਈ ਨੂੰ ਜਾਰੀ ਕੀਤੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਜੇਕਰ ਰਿਪੋਰਟਾਂ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਇਹ ਹਸਪਤਾਲ ਪ੍ਰਸ਼ਾਸਨ ਦੀ ਬੇਹੱਦ ਗੰਭੀਰ ਲਾਪਰਵਾਹੀ ਦਾ ਮਾਮਲਾ ਹੈ। ਕਮਿਸ਼ਨ ਅਨੁਸਾਰ, ਸਰਕਾਰੀ ਹਸਪਤਾਲ ਜਿੱਥੇ ਜਿਉਂਦੇ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਦੇਣ ਦਾ ਦਾਵਾ ਕਰਦੇ ਹਨ, ਉੱਥੇ ਕਿਸੇ ਮ੍ਰਿਤਕ ਦੀ ਦੇਹ ਨਾਲ ਅਜਿਹਾ ਵਿਵਹਾਰ ਕਰਨਾ ਮਨੁੱਖੀ ਅਧਿਕਾਰਾਂ ਅਤੇ ਗਰਿਮਾ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।

ਸਿਵਲ ਸਰਜਨ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ
ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਜਸਟਿਸ ਸੰਤ ਪ੍ਰਕਾਸ਼, ਮੈਂਬਰ ਸਟਿਸ ਗੁਰਬੀਰ ਸਿੰਘ ਅਤੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੇ ਬੈਂਚ ਨੇ ਸਿਵਲ ਸਰਜਨ, ਲੁਧਿਆਣਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਗਲੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਪੇਸ਼ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।

ਕੀ ਹੈ ਪੂਰਾ ਮਾਮਲਾ?
ਇਹ ਦੁਖਦਾਈ ਘਟਨਾ ਸਮਰਾਲਾ ਦੇ ਹਿੰਮਤ ਨਗਰ ਨਿਵਾਸੀ ਜੂਨਾ ਪਾਂਡੇ ਦੀ ਮੌਤ ਨਾਲ ਜੁੜੀ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪੋਸਟਮਾਰਟਮ ਲਈ ਦੇਹ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਪਰ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਨੂੰ ਮੋਰਚਰੀ ਦੇ ਅੰਦਰ ਸੁਰੱਖਿਅਤ ਰੱਖਣ ਦੀ ਬਜਾਏ ਲੰਬੇ ਸਮੇਂ ਤੱਕ ਬਾਹਰ ਹੀ ਛੱਡ ਦਿੱਤਾ। ਇਸ ਘਟਨਾ ਕਾਰਨ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਹੈ।

ਹਸਪਤਾਲ ਵੱਲੋਂ ਜਾਂਚ ਕਮੇਟੀ ਗਠਿਤ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਵਿੱਚ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ, ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।