ਸ਼੍ਰੇਅਸ ਅਈਅਰ ਨੂੰ ਮਿਲ ਸਕਦੀ ਹੈ ਵਨਡੇ ਟੀਮ ਦੀ ਕਪਤਾਨੀ, ਵਿਸ਼ਵ ਕੱਪ 2027 ਨੂੰ ਲੈ ਕੇ BCCI ਨੇ ਬਣਾਇਆ ਪਲਾਨ!

ਬੀਸੀਸੀਆਈ ਅਈਅਰ ਨੂੰ ਭਾਰਤ ਦੀ ਵਨਡੇ ਟੀਮ ਦਾ ਅਗਲਾ ਕਪਤਾਨ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ।

ਏਸ਼ੀਆ ਕੱਪ 2025 ਲਈ ਭਾਰਤੀ ਕ੍ਰਿਕਟ ਟੀਮ ਦੇ ਐਲਾਨ ਤੋਂ ਇੱਕ ਵੱਡਾ ਨਾਮ ਗਾਇਬ ਸੀ, ਉਹ ਸੀ ਸ਼੍ਰੇਅਸ ਅਈਅਰ। ਘਰੇਲੂ ਕ੍ਰਿਕਟ ਅਤੇ ਆਈਪੀਐਲ ਵਿੱਚ ਸਫਲ ਸੀਜ਼ਨ ਤੋਂ ਬਾਅਦ ਉਸਨੂੰ ਟੀਮ ਵਿੱਚ ਸ਼ਾਮਲ ਕੀਤੇ ਜਾਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। ਦੂਜੇ ਪਾਸੇ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਨਿਯੁਕਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਿੱਥੇ ਅਈਅਰ ਦੀ ਅਣਦੇਖੀ 'ਤੇ ਸਵਾਲ ਉਠਾਏ ਜਾ ਰਹੇ ਹਨ, ਉੱਥੇ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਬੀਸੀਸੀਆਈ ਅਈਅਰ ਨੂੰ ਭਾਰਤ ਦੀ ਵਨਡੇ ਟੀਮ ਦਾ ਅਗਲਾ ਕਪਤਾਨ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ।

ਅਈਅਰ ਦਾ ਹਾਲੀਆ ਪ੍ਰਦਰਸ਼ਨ, ਖਾਸ ਕਰਕੇ ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ 'ਚ ਉਸਦੀ ਭੂਮਿਕਾ ਸ਼ਾਨਦਾਰ ਰਹੀ ਅਤੇ ਆਈਪੀਐੱਲ 'ਚ ਵੀ ਪੰਜਾਬ ਕਿੰਗਜ਼ ਨੂੰ ਫਾਈਨਲ ਵਿੱਚ ਪਹੁੰਚਾਇਆ। ਅਈਅਰ ਨੇ ਭਾਰਤ ਦੀ ਖਿਤਾਬੀ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ 5 ਮੈਚਾਂ ਵਿੱਚ 15, 56, 79, 45 ਅਤੇ 48 ਦੌੜਾਂ ਦੀਆਂ ਲਗਾਤਾਰ ਪਾਰੀਆਂ ਨਾਲ 243 ਦੌੜਾਂ ਬਣਾਈਆਂ। ਅਈਅਰ ਨੇ 70 ਵਨਡੇ ਮੈਚਾਂ ਵਿੱਚ 48.22 ਦੀ ਔਸਤ ਨਾਲ 5 ਸੈਂਕੜੇ ਸਮੇਤ 2845 ਦੌੜਾਂ ਬਣਾਈਆਂ ਹਨ ਅਤੇ ਇਹੀ ਕਾਰਨ ਹੈ ਕਿ ਬੀਸੀਸੀਆਈ ਅਤੇ ਟੀਮ ਪ੍ਰਬੰਧਨ ਆਉਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਉਸਦੀ ਲੀਡਰਸ਼ਿਪ ਸਮਰੱਥਾ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।