ਡਿਓਡਰੈਂਟ ਕਾਰਨ ਚਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

ਜਲੰਧਰ ਦੇ ਫੋਲੜੀਵਾਲ ਇਲਾਕੇ ਵਿਚ ਖੇਤਾਂ ਨੇੜੇ ਬਣੇ ਇੱਕ ਛੱਪੜ ਦੇ ਕੋਲ ਇੱਕ ਚਲਦੀ ਸਕਾਰਪੀਓ ਗੱਡੀ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ।
ਜਲੰਧਰ : ਜਲੰਧਰ ਦੇ ਫੋਲੜੀਵਾਲ ਇਲਾਕੇ ਵਿਚ ਖੇਤਾਂ ਨੇੜੇ ਬਣੇ ਇੱਕ ਛੱਪੜ ਦੇ ਕੋਲ ਇੱਕ ਚਲਦੀ ਸਕਾਰਪੀਓ ਗੱਡੀ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਘਟਨਾ ਵਿੱਚ ਗੱਡੀ ਦਾ ਡਰਾਈਵਰ ਅੰਦਰ ਹੀ ਫਸ ਗਿਆ ਅਤੇ ਜਿਉਂਦੇ ਸੜਨ ਕਾਰਨ ਉਸਦੀ ਮੌਤ ਹੋ ਗਈ। ਨੇੜੇ ਮੌਜੂਦ ਲੋਕਾਂ ਨੇ ਅੱਗ ਬੁਝਾ ਕੇ ਡਰਾਈਵਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ ਸੀ ਕਿ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ।

ਦਰਵਾਜ਼ੇ ਲਾਕ ਹੋਣ ਕਾਰਨ ਨਹੀਂ ਨਿਕਲ ਸਕਿਆ ਬਾਹਰ
ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੱਗ ਲੱਗਦੇ ਹੀ ਗੱਡੀ ਦੇ ਦਰਵਾਜ਼ੇ ਲਾਕ ਹੋ ਗਏ ਸਨ, ਜਿਸ ਕਾਰਨ ਡਰਾਈਵਰ ਚਾਹੁੰਦੇ ਹੋਏ ਵੀ ਬਾਹਰ ਨਹੀਂ ਨਿਕਲ ਸਕਿਆ। ਪੁਲਸ ਅਨੁਸਾਰ ਗੱਡੀ ਵਿਚ ਰੱਖਿਆ ਕੋਈ ਡਿਓਡਰੈਂਟ ਜਾਂ ਸਪਰੇਅ ਫਟਣ ਕਾਰਨ ਇਹ ਅੱਗ ਲੱਗੀ ਹੈ। ਫੋਲੜੀਵਾਲ ਚੌਕੀ ਇੰਚਾਰਜ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਸ਼ੀਸ਼ੇ ਦੇ ਪਿੱਛੇ ਰੱਖਿਆ 'ਡਵ ਬਲਾਸਟ' (ਸਪਰੇਅ) ਫਟਣ ਨਾਲ ਗੱਡੀ ਦੇ ਅੰਦਰ ਅਚਾਨਕ ਅੱਗ ਲੱਗ ਗਈ।

ਖੰਭੇ ਨਾਲ ਟਕਰਾ ਕੇ ਖੇਤਾਂ ਵਿਚ ਜਾ ਡਿੱਗੀ ਗੱਡੀ
ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਧਮਾਕੇ ਤੋਂ ਬਾਅਦ ਡਰਾਈਵਰ ਹੜਬੜਾਹਟ ਵਿੱਚ ਗੱਡੀ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਵਾਹਨ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਇੱਕ ਖੰਭੇ ਨਾਲ ਟਕਰਾਉਂਦਾ ਹੋਇਆ ਸਿੱਧਾ ਪਾਣੀ ਨਾਲ ਭਰੇ ਝੋਨੇ ਦੇ ਖੇਤਾਂ ਵਿਚ ਜਾ ਡਿੱਗਿਆ। ਇਸ ਦੌਰਾਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਤੱਕ ਪੁਲਸ ਟੀਮ ਮੌਕੇ 'ਤੇ ਪਹੁੰਚੀ, ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਅਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ।

ਗੱਡੀ ਦੀ ਨੰਬਰ ਪਲੇਟ ਸੜ ਜਾਣ ਦੇ ਬਾਵਜੂਦ ਪੁਲਸ ਨੇ ਪਛਾਣ ਕੀਤੀ ਹੈ ਕਿ ਸਕਾਰਪੀਓ ਦਾ ਨੰਬਰ PB 09 R 3688 ਹੈ, ਜੋ ਕਪੂਰਥਲਾ ਦੇ ਗੁਰਪ੍ਰੀਤ ਸਿੰਘ ਦੇ ਨਾਮ 'ਤੇ ਰਜਿਸਟਰਡ ਹੈ। ਅੱਗ ਕਾਰਨ ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਚੁੱਕੀ ਹੈ ਕਿ ਉਸਦੀ ਸ਼ਿਨਾਖਤ ਕਰਨਾ ਅਸੰਭਵ ਹੋ ਰਿਹਾ ਹੈ ਅਤੇ ਗੱਡੀ ਵਿੱਚੋਂ ਵੀ ਕੋਈ ਅਜਿਹੀ ਚੀਜ਼ ਨਹੀਂ ਮਿਲੀ ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕੇ। ਪੁਲਸ ਹੁਣ ਗੱਡੀ ਦੇ ਮਾਲਕ ਰਾਹੀਂ ਮ੍ਰਿਤਕ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਸੜੀ ਹੋਈ ਗੱਡੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।