ਮਿਜ਼ਾਈਲ ਹਮਲਿਆਂ ਨਾਲ ਦਹਿਲਿਆ ਸਾਊਦੀ ਅਰਬ, ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ 'ਅਰਾਮਕੋ' ਬਣੀ ਨਿਸ਼ਾਨਾ

ਯਮਨ ਤੋਂ ਸਾਊਦੀ ਅਰਬ 'ਤੇ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਖੇਤਰ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਨ੍ਹਾਂ ਹਮਲਿਆਂ ਵਿੱਚ ਮੁੱਖ ਤੌਰ 'ਤੇ ਸਾਊਦੀ ਅਰਬ ਦੇ ਜੀਜਾਨ ਉਦਯੋਗਿਕ ਸ਼ਹਿਰ ਅਤੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ (Aramco) ਨਾਲ ਜੁੜੀਆਂ ਤੇਲ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਰਿਆਦ : ਯਮਨ ਤੋਂ ਸਾਊਦੀ ਅਰਬ 'ਤੇ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਖੇਤਰ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਨ੍ਹਾਂ ਹਮਲਿਆਂ ਵਿੱਚ ਮੁੱਖ ਤੌਰ 'ਤੇ ਸਾਊਦੀ ਅਰਬ ਦੇ ਜੀਜਾਨ ਉਦਯੋਗਿਕ ਸ਼ਹਿਰ ਅਤੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ (Aramco) ਨਾਲ ਜੁੜੀਆਂ ਤੇਲ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਹਮਲੇ ਤੋਂ ਬਾਅਦ ਬਿਜਲੀ ਗੁੱਲ
ਸਥਾਨਕ ਰਿਪੋਰਟਾਂ ਅਨੁਸਾਰ ਜੀਜਾਨ ਸ਼ਹਿਰ ਵਿੱਚ ਕਈ ਜ਼ਬਰਦਸਤ ਧਮਾਕੇ ਸੁਣੇ ਗਏ, ਜਿਸ ਤੋਂ ਬਾਅਦ ਕਈ ਇਲਾਕਿਆਂ ਦੀ ਬਿਜਲੀ ਪੂਰੀ ਤਰ੍ਹਾਂ ਗੁੱਲ ਹੋ ਗਈ। ਯਮਨ ਦੇ ਇਨ੍ਹਾਂ ਜਵਾਬੀ ਹਮਲਿਆਂ ਨੇ ਸਾਊਦੀ ਅਰਬ ਦੇ ਜੀਜਾਨ, ਯਾਨਬੂ ਅਤੇ ਦਮਦ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਊਦੀ ਸਿਵਲ ਡਿਫੈਂਸ ਨੇ ਯਾਨਬੂ ਪ੍ਰਾਂਤ ਲਈ ਨੈਸ਼ਨਲ ਅਰਲੀ ਵਾਰਨਿੰਗ ਪਲੇਟਫਾਰਮ ਰਾਹੀਂ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ।

ਹੂਤੀ ਵਿਦਰੋਹੀਆਂ ਨੇ ਲਿਆ ਬਦਲਾ
ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਸਾਊਦੀ ਅਰਬ ਅਤੇ ਯਮਨ ਦੇ ਹੂਤੀ ਸਮੂਹ ਵਿਚਕਾਰ ਤਣਾਅ ਸਿਖਰ 'ਤੇ ਹੈ। ਹੂਤੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਸਾਊਦੀ ਅਰਬ ਵੱਲੋਂ ਯਮਨ ਦੇ ਹੋਦੇਇਦਾ (Hodeidah) ਸ਼ਹਿਰ 'ਤੇ ਕੀਤੇ ਗਏ ਹਮਲਿਆਂ ਦਾ ਉਹ ਸਖ਼ਤ ਜਵਾਬ ਦੇਣਗੇ। ਹੂਤੀ ਵਿਦਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਕਾਰਵਾਈ ਸਾਊਦੀ ਅਰਬ ਵੱਲੋਂ ਕੀਤੀ ਗਈ ਨਾਕੇਬੰਦੀ ਅਤੇ ਹਵਾਈ ਹਮਲਿਆਂ ਦਾ ਬਦਲਾ ਹੈ।

ਮਾਹਰਾਂ ਅਨੁਸਾਰ ਇਨ੍ਹਾਂ ਹਮਲਿਆਂ ਕਾਰਨ 2022 ਤੋਂ ਚੱਲੀ ਆ ਰਹੀ ਗੈਰ-ਰਸਮੀ ਸ਼ਾਂਤੀ ਹੁਣ ਪੂਰੀ ਤਰ੍ਹਾਂ ਟੁੱਟਦੀ ਨਜ਼ਰ ਆ ਰਹੀ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਖੇਤਰੀ ਯੁੱਧ ਦਰਮਿਆਨ ਇਹ ਨਵਾਂ ਟਕਰਾਅ ਵਿਸ਼ਵ ਪੱਧਰੀ ਤੇਲ ਸਪਲਾਈ ਅਤੇ ਲਾਲ ਸਾਗਰ ਦੇ ਵਪਾਰਕ ਮਾਰਗਾਂ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਹੂਤੀ ਸਮੂਹ ਨੇ ਲਾਲ ਸਾਗਰ ਵਿੱਚ ਸਾਊਦੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ।